

ਡਕਾਲਾ ਦੀ ਅਨਾਜ ਮੰਡੀ ਨੇ ਛੱਪੜ ਦਾ ਰੂਪ ਧਾਰਿਆ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਪਟਿਆਲਾ, 16 ਅਗਸਤ 2025 : ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਕਣਕ-ਝੋਨੇ ਦੀ ਫਸਲ ਵੇਚਣ ਸਮੇਂ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ, ਮੰਡੀਆਂ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਤਾਂ ਕਰਦੀ ਆ ਰਹੀ ਹੈ ਪ੍ਰੰਤੂ ਪਟਿਆਲਾ ਜਿ਼ਲੇ ਦੀ ਮੁੱਖ ਅਨਾਜ ਮੰਡੀ ਡਕਾਲਾ ਅੱਜ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਸਰਕਾਰ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਹੂਲਤਾਂ ਦੇਣ ਦੇ ਦਾਅਵਿਆਂ ਨੂੰ ਖੋਖਲੇ ਸਿੱਧ ਕਰ ਰਹੀ ਹੈ।ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਨੀਵੇਂ ਥਾਂ ਤੇ ਬਣੀ ਇਸ ਅਨਾਜ ਮੰਡੀ ਵਿਚ ਡਕਾਲਾ ਕਸਬੇ ਦਾ ਬਰਸਾਤੀ ਪਾਣੀ ਪੈਣ ਕਾਰਨ ਮੰਡੀ ਦੇ 80 ਫੀਸਦੀ ਹਿੱਸੇ ਵਿਚ ਫੁੱਟ-ਫੁੱਟ ਪਾਣੀ ਭਰਿਆ ਪਿਆ ਹੈ ਅਤੇ ਇਸ ਮੰਡੀ ਨੇ ਛੱਪੜ ਦਾ ਰੂਪ ਧਾਰ ਰੱਖਿਆ ਹੈ, ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਕੇ ਤੇ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਜੋ ਕਸਬੇ ਦੇ ਬਾਜ਼ਾਰ ਦੇ ਨਜਦੀਕ ਜੋ ਅਨਾਜ ਮੰਡੀ ਬਣੀ ਹੋਈ ਹੈ ਨੀਵੇਂ ਥਾਂ ਤੇ ਪਾਣੀ ਹੋਣ ਕਾਰਨ ਕਸਬੇ ਦਾ ਸਾਰਾ ਬਰਸਾਤੀ ਪਾਣੀ ਇਸ ਮੰਡੀ ਵਿਚ ਖੜ੍ਹ ਜਾਂਦਾ ਹੈ ਅਤੇ ਅੱਜ ਵੀ ਇਹ ਮੰਡੀ ਦੀ ਥਾਂ ਛੱਪੜ ਨਜ਼ਰ ਆ ਰਿਹਾ ਹੈ। ਇਸ ਮੰਡੀ ਵਿਚ 25 ਦੇ ਕਰੀਬ ਆੜ੍ਹਤੀਆਂ ਦੀਆਂ ਆੜ੍ਹਤਾਂ ਹਨ ਅਤੇ ਹਰ ਸਾਲ 6 ਤੋਂ 7 ਲੱਖ ਬੋਰੀ ਝੋਨੇ ਅਤੇ 3 ਤੋਂ ਸਾਢੇ ਤਿੰਨ ਲੱਖ ਬੋਰੀ ਕਣਕ ਦੀ ਇਸ ਮੰਡੀ ਵਿਚ ਆਮਦ ਹੁੰਦੀ ਹੈ। ਇਸ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਇਸ ਮੰਡੀ ਦੇ ਜੋ ਫੜ੍ਹ ਹਨ ਉਨ੍ਹਾਂ ਦੀ ਆਪਣੀ ਮਲਕੀਅਤ ਹਨ। ਮੰਡੀ ਬੋਰਡ ਵਲੋਂ ਇਸ ਕਸਬੇ ਵਿਚ ਪੰਚਾਇਤੀ ਥਾਂ ਤੇ ਕੋਈ ਆਧੁਨਿਕ ਮੰਡੀ ਨਹੀਂ ਬਣਾਈ ਗਈ ਅਤੇ ਨਾ ਹੀ ਇਸ ਮੰਡੀ ਦੇ ਫੜ੍ਹਾਂ ਨ ੂੰ ਸੜਕ ਪੱਧਰ ਤੱਕ ਉਚਾ ਕੀਤਾ ਗਿਆ ਹੈ। ਜਿਸ ਕਾਰਨ ਨੀਵੀਂ ਥਾਂ ਤੇ ਹੋਣ ਕਾਰਨ ਜਦੋਂ ਫਸਲ ਦੀ ਆਮਦ ਹੋਣ ਸਮੇਂ ਕੋਈ ਬੇਮੌਸਮੀ ਬਰਸਾਤ ਹੋ ਜਾਂਦੀ ਹੈ ਤਾਂ ਜਿਥੇ ਕਿਸਾਨਾਂ ਅਤੇ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੀ ਗਈ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਪ੍ਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਕਸਬੇ ਵਿਚ ਹਾਲੇ ਤੱਕ ਕੋਈ ਆਧੁਨਿਕ ਮੰਡੀ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪਟਿਆਲਾ ਜਿ਼ਲਾ ਅਤੇ ਡਕਾਲਾ ਨਾਲ ਸਬੰਧਤ ਪੰਜਾਬ ਮੰਡੀ ਬੋਰਡ ਦੇ ਕਾਂਗਰਸ ਰਾਜ ਵੇਲੇ ਰਹੇ ਚੇਅਰਮੈਨ ਲਾਲ ਸਿੰਘ ਵਲੋਂ ਡਕਾਲੇ ਲਈ ਨਵੀਂ ਅਨਾਜ ਮੰਡੀ ਬਣਾਉਣ ਲਈ ਅਣਗੌਲਿਆਂ ਕੀਤਾ ਗਿਆ ਤੇ ਹੁਣ ਮੌਜੂਦਾ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵੀ ਡਕਾਲਾ ਨੂੰ ਮੰਡੀ ਦੇ ਮਾਮਲੇ ਵਿਚ ਅਣਗੌਲਿਆਂ ਕੀਤਾ ਜਾ ਰਿਹਾ ਹੈ। ਵਰਣਨਯੋਗ ਹੈ ਕਿ ਪੰਜਾਬ ਮੰਡੀ ਬੋਰਡ ਵਲੋਂ ਇਥੇ ਡਕਾਲਾ ਮਾਰਕੀਟ ਕਮੇਟੀ ਬਣਾਈ ਗਈ ਹੈ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਆੜ੍ਹਤੀ ਆਪਣੇ ਫੜ ਮੰਡੀ ਬੋਰਡ ਦੇ ਨਾਮ ਤਬਦੀਲ ਨਹੀਂ ਕਰਦੇ ਉਦੋਂ ਤੱਕ ਮੰਡੀ ਬੋਰਡ ਇਸ ਮੰਡੀ ਦਾ ਆਧੁਨਿਕ ਵਿਕਾਸ ਨਹੀਂ ਕਰ ਸਕਦਾ।ਬੀ. ਜੇ. ਪੀ. ਦੇ ਜਿ਼ਲਾ ਪ੍ਰਧਾਨ ਰਮੇਸ਼ ਗੋਇਲ ਨੇ ਦੱਸਿਆ ਕਿ ਕਿਉਂਕਿ ਇਹ ਫੜ ਆੜ੍ਹਤੀਆਂ ਦੀ ਮਲਕੀਅਤ ਹਨ ਇਸ ਲਈ ਉਹ ਮੰਡੀ ਬੋਰਡ ਨੂੰ ਮੁਫ਼ਤ ਇਨ੍ਹਾਂ ਨੂੰ ਜੇ ਮੁਫ਼ਤ ਵਿਚ ਤਬਦੀਲ ਕਰਦੇ ਹਨ ਤਾਂ ਮੰਡੀ ਬੋਰਡ ਜਦੋਂ ਨਵੀਂ ਮੰਡੀ ਬਣਾਏਗਾ ਤਾਂ ਉਨ੍ਹਾਂ ਨੂੰ ਉਸ ਕੋਲੋਂ ਆਪਣੀ ਹੀ ਮਲਕੀਅਤ ਵੱਡੀ ਰਕਮ ਦੇ ਕੇ ਖਰੀਦਣੀ ਪਵੇਗੀ, ਇਸ ਲਈ ਸਰਕਾਰ ਨੂੰ ਪਿੰਡ ਦੀ ਪੰਚਾਇਤੀ ਜਾਂ ਸਰਕਾਰੀ ਥਾਂ ਤੇ ਨਵੀਂ ਮੰਡੀ ਬਣਾਉਣੀ ਚਾਹੀਦੀ ਹੈ।ਗੱਲ ਚਾਹੇ ਕੋਈ ਵੀ ਹੋਵੇ ਪ੍ਰੰਤੂ ਨੀਵੀਂ ਥਾਂ ਤੇ ਬਣੀ ਮੰਡੀ ਵਿਚ ਬਰਸਾਤੀ ਪਾਣੀ ਭਰਨ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਜਲਦੀ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।