

ਪਟਿਆਲਾ ‘ਚ ਗੰਦਗੀ ਦਾ ਸਾਮਰਾਜ ‘ਰੰਗਲਾ ਪੰਜਾਬ’ ਦੇ ਖੋਖਲੇ ਦਾਅਵੇ ਬੇਨਕਾਬ ਪਟਿਆਲਾ, 16 ਅਗਸਤ 2025 :79ਵੇਂ ਆਜ਼ਾਦੀ ਦਿਵਸ ‘ਤੇ ਮੰਚਾਂ ‘ਤੇ ਗੂੰਜਦੇ ਨਾਰਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਨੂੰ ‘ਰੰਗਲਾ, ਹੱਸਦਾ-ਖੇਡਦਾ ਤੇ ਖੁਸ਼ਹਾਲ’ ਬਣਾਇਆ ਜਾ ਰਿਹਾ ਹੈ ਪਰ ਪਟਿਆਲਾ ਦੀਆਂ ਗਲੀਆਂ ਵਿੱਚ ਉਤਰਦੇ ਹੀ ਹਕੀਕਤ ਕਿਸੇ ਬਦਬੂਦਾਰ ਝਟਕੇ ਵਾਂਗ ਚਿਹਰੇ ‘ਤੇ ਵੱਜਦੀ ਹੈ । ਸੀਵਰੇਜ ਜਾਮ ਬਦਬੂਦਾਰ ਪਾਣੀ, ਮੱਛਰਾਂ ਦਾ ਰਾਜ ਮੋਹੱਲਾ ਸੱਠ ਘਰਾਂ ਤੇ ਆਲੇ-ਦੁਆਲੇ ਦੇ ਦਰਜਨਾਂ ਇਲਾਕਿਆਂ ਵਿੱਚ ਮਹੀਨਿਆਂ ਤੋਂ ਨਾਲੀਆਂ ਸਾਫ਼ ਨਹੀਂ ਹੋਈਆਂ। ਬਰਸਾਤ ‘ਚ ਗੰਦਾ ਪਾਣੀ ਗਲੀਆਂ ਰਾਹੀਂ ਲੋਕਾਂ ਦੇ ਘਰਾਂ ‘ਚ ਵੜ ਰਿਹਾ ਹੈ। ਮੱਛਰਾਂ ਦੀ ਭਰਮਾਰ, ਡੇਂਗੂ-ਮਲੇਰੀਆ ਦਾ ਖ਼ਤਰਾ ਤੇ ਹੈਜ਼ੇ ਦੇ ਫੈਲਣ ਦੀ ਆਸੰਕਾ ਪੈਦਾ ਹੋ ਸਕਦੀ ਹੈ ਪਰ ਨਗਰ ਨਿਗਮ ਤੇ ਸਫਾਈ ਵਿਭਾਗ ਚੁੱਪ ਹੈ। ਸਥਾਨਕ ਰਹਿਣ ਵਾਲੀ ਇੰਦੂ ਕਟਾਰੀਆ ਕਹਿੰਦੀ ਹੈ ਬਰਸਾਤ ਸ਼ੁਰੂ ਹੋਣ ਤੋਂ ਬਾਅਦ ਹਾਲਾਤ ਨਰਕ ਵਰਗੇ ਹੋ ਗਏ ਨੇ ਤੇ ਹਰ ਗਲੀ ‘ਚੋਂ ਸੜਾਂਧ ਆ ਰਹੀ ਹੈ, ਬੱਚੇ ਵੀ ਬੀਮਾਰ ਪੈ ਰਹੇ ਨੇ। ਸਿ਼ਕਾਇਤ ਕਰੋ ਤਾਂ ਅਫ਼ਸਰ ਟਾਲ ਮਟੋਲ ਕਰਦੇ ਨੇ, ਲੋਕਾਂ ਦੇ ਸਵਾਲ: ਕੀ ਵਿਕਾਸ ਸਿਰਫ਼ ਭਾਸ਼ਣਾਂ ਤੇ ਕਾਗਜ਼ਾਂ ‘ਚ ਹੀ ਹੈ । ਕੀ ਗੰਦਗੀ ਤੇ ਬੀਮਾਰੀਆਂ ਹੀ ‘ਰੰਗਲਾ ਪੰਜਾਬ’ ਦਾ ਅਸਲ ਚਿਹਰਾ ਹਨ? ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ‘ਚ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਪਰ ਲੋਕਾਂ ਦਾ ਕਹਿਣਾ ਹੈ ਕਿ ਜੋ 110 ਕਰੋੜ ਦਾ ਬਿਜਲੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਉਹ ਠੀਕ ਹੈ ਪਰ ਗਲੀਆਂ ‘ਚ ਸੀਵਰੇਜ ਦਾ ਗੰਦਾ ਪਾਣੀ ਤੇ ਮੱਛਰਾਂ ਦੀ ਫੌਜ ਕੌਣ ਹਟਾਏਗਾ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਜੇ ਤੁਰੰਤ ਸਫਾਈ ਤੇ ਸੀਵਰੇਜ ਸੁਧਾਰ ਦਾ ਕੰਮ ਨਹੀਂ ਹੋਇਆ, ਤਾਂ ਸਾਰਾ ਪਟਿਆਲਾ ਸੜਕਾਂ ‘ਤੇ ਉਤਰ ਕੇ ਸਰਕਾਰ ਨੂੰ ਜਗਾਏਗਾ।