
ਧੂਰੀ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਸ਼ਿਆਂ ਵਿਰੁੱਧ ਫਲੈਗ ਮਾਰਚ
- by Jasbeer Singh
- February 17, 2025

ਧੂਰੀ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਸ਼ਿਆਂ ਵਿਰੁੱਧ ਫਲੈਗ ਮਾਰਚ ਐਸ. ਪੀ. ਦੀ ਅਗਵਾਈ ਹੇਠ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਚੈਕਿੰਗ, ਇੱਕ ਮਹਿਲਾ ਕੋਲੋਂ ਮਿਲਿਆ ਨਸ਼ੀਲਾ ਪਦਾਰਥ, ਕੇਸ ਦਰਜ ਪੁਲਿਸ ਗਸ਼ਤ ਵਧਾਈ, ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ : ਮਨਦੀਪ ਸਿੰਘ ਧੂਰੀ/ਸੰਗਰੂਰ, 17 ਫਰਵਰੀ : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ. ਪੀ. ਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਧੂਰੀ ਸ਼ਹਿਰ ਵਿਖੇ ਫਲੈਗ ਮਾਰਚ ਕੀਤਾ ਗਿਆ। ਫਲੈਗ ਮਾਰਚ ਦੀ ਅਗਵਾਈ ਕਰਦਿਆਂ ਐਸ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮਕਸਦ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ, ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ, ਨਸ਼ੇ ਦੇ ਸਮੱਗਲਰਾਂ ਤੇ ਸ਼ਰਾਰਤੀ ਅਨਸਰਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਸੰਗਰੂਰ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਆਮ ਲੋਕਾਂ ਨੂੰ ਹੀ ਵੱਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ । ਇਸ ਦੌਰਾਨ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਅਤੇ ਵੱਖ-ਵੱਖ ਥਾਈ ਚੈਕਿੰਗ ਕੀਤੀ ਗਈ । ਐਸ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚੈਕਿੰਗ ਅਭਿਆਨ ਲਗਾਤਾਰ ਜਾਰੀ ਰੱਖਿਆ ਜਾਵੇਗਾ । ਉਹਨਾਂ ਨੇ ਦੱਸਿਆ ਹੈ ਕਿ ਇਸ ਸਬੰਧੀ ਮੁੱਢਲੀ ਪੜਤਾਲ ਦੌਰਾਨ ਕੁਝ ਸ਼ੱਕੀ ਵਾਹਨਾਂ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਜਾਂਚ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਸਰਚ ਅਭਿਆਨ ਦੌਰਾਨ ਇਕ ਮਹਿਲਾ ਕੋਲੋਂ ਨਸ਼ੀਲਾ ਪਦਾਰਥ ਮਿਲਿਆ ਹੈ ਜਿਸ ਵਿਰੁੱਧ ਐਫ. ਆਈ. ਆਰ. ਨੰਬਰ 23/17-2-2025 ਅੰਡਰ ਸੈਕਸ਼ਨ 21 ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।