go to login
post

Jasbeer Singh

(Chief Editor)

Entertainment

ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਦੁਨੀਆ ਭਰ ਵਿੱਚ ਮਾਣ ਵਧਾਇਆ: ਨੀਰੂ ਬਾਜਵਾ

post-img

: ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਦਾ ਟਰੇਲਰ ਅੱਜ ਮੁੰਬਈ ਵਿਚ ਜਾਰੀ ਕੀਤਾ ਗਿਆ। ਇਸ ਮੌਕੇ ਅਦਾਕਾਰਾ ਨੀਰੂ ਬਾਜਵਾ ਦਿਲਜੀਤ ਨੂੰ ਲੈ ਕੇ ਭਾਵੁਕ ਹੋ ਗਈ। ਉਸ ਨੇ ਫਿਲਮ ਵਿਚ ਆਪਣੇ ਸਹਿ-ਅਦਾਕਾਰ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ਼ ਕਰਦਿਆਂ ਕਿਹਾ ਕਿ ਕਿਵੇਂ ਦਿਲਜੀਤ ਨੇ ਆਲਮੀ ਪੱਧਰ ’ਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦੱਸਣਾ ਬਣਦਾ ਹੈ ਕਿ ਹਰ ਪੀੜ੍ਹੀ ਦੇ ਲੋਕ ਦਿਲਜੀਤ ਦੇ ਦੀਵਾਨੇ ਹਨ। ਫਿਲਮ ਦਾ ਟਰੇਲਰ ਜਾਰੀ ਕਰਨ ਮੌਕੇ ਨੀਰੂ ਨੇ ਗੁਲਾਬੀ ਰੰਗ ਦਾ ਟੌਪ, ਪੈਂਟ ਤੇ ਬਲੇਜ਼ਰ ਪਾਇਆ ਹੋਇਆ ਸੀ ਤੇ ਉਹ ਖਾਸੀ ਫਬ ਰਹੀ ਸੀ। ਦਿਲਜੀਤ ਬਾਰੇ ਗੱਲ ਕਰਦਿਆਂ ਨੀਰੂ ਨੇ ਦੱਸਿਆ, ‘ਇਹ ਇੱਕ ਸ਼ਾਨਦਾਰ ਅਹਿਸਾਸ ਹੈ। ਹਰ ਪੰਜਾਬੀ ਵਾਂਗ, ਮੈਂ ਵੀ ਇਸ (ਦਿਲਜੀਤ) ਨੂੰ ਪਿਆਰ ਕਰਦੀ ਹਾਂ ਅਤੇ ਮੈਨੂੰ ਇਸ ’ਤੇ ਬਹੁਤ ਮਾਣ ਹੈ। ਇਹ ਫਿਲਮ ਬਹੁਤ ਵਧੀਆ ਹੈ।’ ਦਿਲਜੀਤ ਦੇ ਹਾਲ ਹੀ ਦੇ ਸ਼ੋਅ ‘ਦਿਲ-ਲੁਮਿਨਾਟੀ ਨਾਰਥ ਅਮਰੀਕਾ ਟੂਰ’ ਦਾ ਜ਼ਿਕਰ ਕਰਦਿਆਂ ਨੀਰੂ ਨੇ ਕਿਹਾ, ‘ਇਸ ਪੜਾਅ ’ਤੇ ਦਿਲਜੀਤ ਨਾਲ ਕੰਮ ਕਰਨਾ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਉਸ ਨੇ ਪੰਜਾਬੀਆਂ ਨੂੰ ਸਭ ਤੋਂ ਮੋਹਰੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਉਸ ਨੇ ਸਾਡੇ ਸਾਰਿਆਂ ਤੇ ਹਰ ਪੀੜ੍ਹੀ ਲਈ ਬਹੁਤ ਕੁਝ ਕੀਤਾ ਹੈ। ਮੈਂ ਉਸ ਦੇ ਸ਼ੋਅ ’ਤੇ ਗਈ ਸੀ ਅਤੇ ਮੈਂ ਉੱਥੇ ਕੀ ਮਹਿਸੂਸ ਕੀਤਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇਹ ਕਿਹੋ ਜਿਹੀ ਭਾਵਨਾ ਸੀ। ਮੈਂ ਉਸ (ਦਿਲਜੀਤ) ਨੂੰ ਅੱਗੇ ਵਧਦਾ ਦੇਖ ਕੇ ਭਾਵੁਕ ਹੋ ਜਾਂਦੀ ਹਾਂ। ਤੁਸੀਂ ਸਾਡੇ ਰੌਕਸਟਾਰ ਹੋ।’ ਇਸ ਫਿਲਮ ਵਿਚ ਦਿਲਜੀਤ ਨੇ ਫਤਿਹ ਤੇ ਨੀਰੂ ਨੇ ਪੂਜਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ ਸਹਿ-ਅਦਾਕਾਰ ਹਨ। ਫਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹਨ ਤੇ ਨਿਰਮਾਣ ਬਲਵਿੰਦਰ ਸਿੰਘ, ਦਿਨੇਸ਼ ਔਲਖ, ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਦਿਲਜੀਤ ਦੋਸਾਂਝ ਨੇ ਕੀਤਾ ਹੈ। ਫਿਲਮ 28 ਜੂਨ ਨੂੰ ਰਿਲੀਜ਼ ਹੋਵੇਗੀ।

Related Post