post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ‘ਸਮੁੰਦਰਨਾਮਾ' ਪੁਸਤਕ 'ਤੇ ਵਿਚਾਰ ਚਰਚਾ

post-img

ਪੰਜਾਬੀ ਯੂਨੀਵਰਸਿਟੀ ਦੇ 'ਵਰਲਡ ਪੰਜਾਬੀ ਸੈਂਟਰ' ਵਿਖੇ ‘ਸਮੁੰਦਰਨਾਮਾ' ਪੁਸਤਕ 'ਤੇ ਵਿਚਾਰ ਚਰਚਾ ਪਟਿਆਲਾ, 30 ਮਈ : ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਵਿਖੇ ਪਰਮਜੀਤ ਸਿੰਘ ਮਾਨ ਦੀ ਪੁਸਤਕ ‘ਸਮੁੰਦਰਨਾਮਾ' (ਛੱਲਾ ਨਾਲ ਗੱਲਾਂ) 'ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ ਸ਼ਾਮਲ ਹੋਏ। ਡਾ. ਜਸਵਿੰਦਰ ਸਿੰਘ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪੁਸਤਕ ਜ਼ਿੰਦਗੀ ਨੂੰ ਦੇਖਣ ਦਾ ਕਲਾਤਮਕ ਨਜ਼ਰੀਆ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਲੇਖਕ ਦੀ ਦੂਰ ਅੰਦੇਸ਼ੀ ਅਤੇ ਉਸਦੀ ਸੰਵੇਦਨਸ਼ੀਲਤਾ ਦਾ ਸੁਮੇਲ ਹੈ। ਡਾ. ਲਾਭ ਸਿੰਘ ਖੀਵਾ ਨੇ ਪੁਸਤਕ ਬਾਰੇ ਦੱਸਿਆ ਕਿ ਇਸ ਪੁਸਤਕ ਵਿਚਲੇ ਅਨੁਭਵ ਪੰਜਾਬੀ ਸਾਹਿਤ ਲਈ ਨਵੇਂ ਅਤੇ ਨਿਵੇਕਲੇ ਹਨ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਲੇਖਕ ਦਾ ਸਮੁੰਦਰ ਬਾਰੇ ਅਨੁਭਵ ਬਹੁਤ ਗਹਿਰਾ ਹੈ ਅਤੇ ਇਸ ਪੁਸਤਕ ਦਾ ਕਲਾਤਮਕ ਅਸਰ ਵੀ ਕਾਫੀ ਡੂੰਘੇਰਾ ਹੈ। ਮੁੱਖ ਵਕਤਾ ਵਜੋਂ ਬੋਲਦਿਆਂ ਡਾ. ਰਾਜਿੰਦਰਪਾਲ ਬਰਾੜ ਨੇ ਕਿਹਾ ਕਿ ਇਹ ਪੁਸਤਕ ਸਾਡੇ ਗਿਆਨ ਵਿੱਚ ਵਾਧਾ ਕਰਦੀ ਹੈ ਅਤੇ ਸਾਹਿਤਕ ਵੱਖਰਤਾ ਵੀ ਪ੍ਰਦਾਨ ਕਰਦੀ ਹੈ। ਪੁਸਤਕ ਬਾਰੇ ਆਪਣਾ ਖੋਜ ਪੱਤਰ ਪ੍ਰਸਤੁਤ ਕਰਦਿਆਂ ਡਾ. ਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਪੁਸਤਕ ਸਫ਼ਰਨਾਮਾ, ਸੰਸਮਰਣ, ਕਥਾ ਰਸ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਅਤੇ ਸਮੁੰਦਰ ਦੇ ਛੁੱਪੇ ਹੋਏ ਰਹੱਸਾ ਨੂੰ ਪ੍ਰਗਟ ਕਰਦੀ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੇ ਲੇਖਕ ਨੇ ਸਮੁੰਦਰ ਅਤੇ ਇਤਿਹਾਸ ਦੇ ਪੰਨਿਆਂ ਨੂੰ ਛੂਹਣ ਦਾ ਯਤਨ ਕੀਤਾ ਹੈ। ਪੁਸਤਕ ਲੇਖਕ ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਉਸ ਲਈ ਸਮੁੰਦਰ ਇੱਕ ਵੱਡਾ ਖਜਾਨਾ ਹੈ। ਜਿਸ ਰਾਹੀਂ ਇਕ ਵੱਖਰੀ ਦੁਨੀਆਂ ਦੀ ਪੇਸ਼ਕਾਰੀ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਡਾ. ਚਰਨਜੀਤ ਕੌਰ, ਅਵਤਾਰਜੀਤ, ਡਾ. ਸੁਰਜੀਤ ਖੁਰਮਾ, ਡਾ. ਹਰਬੰਸ ਧੀਮਾਨ, ਡਾ. ਪੁਸ਼ਪਿੰਦਰ ਸ਼ਰਮਾ, ਜੰਗ ਸਿੰਘ ਫੱਟੜ, ਸ੍ਰੀਮਤੀ ਰਿਪਨਜੋਤ ਕੌਰ ਸੋਨੀ, ਮੈਡਮ ਸੁਖਵਿੰਦਰ ਆਹੀ, ਸੁਰਜੀਤ ਸੁਮਨ, ਬਲਵਿੰਦਰ ਸਿੰਘ ਭੱਟੀ, ਜੋਰਾ ਸਿੰਘ ਧਨੌਲਾ, ਦੀਪਕ ਮਹਿਤਾ ਆਦਿ ਨੇ ਭਾਗ ਲਿਆ। ਸਟੇਜ਼ ਦੀ ਕਾਰਵਾਈ ਡਾ. ਭੀਮ ਇੰਦਰ ਸਿੰਘ ਵੱਲੋਂ ਨਿਭਾਈ ਗਈ। ਰਸਮੀ ਤੌਰ 'ਤੇ ਆਏ ਮਹਿਮਾਨਾਂ ਦਾ ਧੰਨਵਾਦ ਦਿਆਲ ਸਿੰਘ ਐਸ.ਡੀ.ਓ. ਵੱਲੋਂ ਕੀਤਾ ਗਿਆ।

Related Post