
ਪੰਜਾਬੀ ਵਰਸਿਟੀ ਦੇ ਦਲਿਤ ਕਰਮਚਾਰੀਆਂ ਦੇ ਮਸਲਿਆ ਬਾਰੇ ਕੀਤਾ ਗਿਆ ਵਿਚਾਰ-ਵਟਾਂਦਰਾ
- by Jasbeer Singh
- February 10, 2025

ਪੰਜਾਬੀ ਵਰਸਿਟੀ ਦੇ ਦਲਿਤ ਕਰਮਚਾਰੀਆਂ ਦੇ ਮਸਲਿਆ ਬਾਰੇ ਕੀਤਾ ਗਿਆ ਵਿਚਾਰ-ਵਟਾਂਦਰਾ ਪੀ. ਯੂ. ਸੇਵਾ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਡਾ. ਕੁਲੱਸ਼ਤੇ ਨਾਲ ਮੁਲਾਕਾਤ ਪਟਿਆਲਾ, 10 ਫਰਵਰੀ : ਪੰਜਾਬੀ ਯੂਨੀਵਰਸਿਟੀ ਅਨੁਸੂਚਿਤ ਜਾਤੀਆਂ ਇੰਪਲਾਇਜ਼ ਵੈਲਫੇਅਰ ਐਸੋਸੀਏਸ਼ਨ (ਪੀਯੂਸੇਵਾ) ਦੇ ਇੱਕ ਉੱਚ—ਪੱਧਰੀ ਵਫ਼ਦ ਵੱਲੋ ਐਸੋਸ਼ੀਏਸਨ ਦੇ ਬਾਨੀ ਪ੍ਰਧਾਨ ਡਾ. ਹਰਮਿੰਦਰ ਸਿੰਘ ਖੋਖਰ ਦੀ ਅਗਵਾਈ ਹੇਠ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀ ਭਲਾਈ ਲਈ ਸਟੈਡਿੰਗ ਸੰਸਦੀ ਕਮੇਟੀ ਦੇ ਚੇਅਰਮੈਨ ਅਤੇ ਸੀਨੀਅਰ ਮੈਂਬਰ ਪਾਰਲੀਮੈਟ ਡਾ. ਫ਼ੱਗਣ ਸਿੰਘ ਕੁਲੱਸ਼ਤੇ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਗਈ । ਇਸ ਮੁਲਾਕਾਤ ਦੋਰਾਨ ਡਾ. ਖੋਖਰ ਵੱਲੋਂ ਸੰਸਦੀ ਕਮੇਟੀ ਦੇ ਮਾਣਯੋਗ ਚੇਅਰਮੈਨ ਡਾ. ਕੁਲੱਸ਼ਤੇ ਨੂੰ ਪੰਜਾਬੀ ਯੂਨੀਵਰਸਿਟੀ ਅਨੁਸੂਚਿਤ ਜਾਤੀਆਂ ਇੰਪਲਾਇਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਰਮਚਾਰੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਡਾ. ਹਰਮਿੰਦਰ ਸਿੰਘ ਖੋਖਰ ਨੇ ਚੈਅਰਮੈਨ ਡਾ. ਕੁਲੱਸ਼ਤੇ ਨੂੰ ਦੱਸਿਆ ਕਿ ਭਾਰਤ ਸਰਕਾਰ ਵਿੱਚ ਬਤੋਰ ਭਾਰਤੀ ਸੂਚਨਾਂ ਸੇਵਾ (ਆਈ. ਆਈ. ਐਸ.) ਅਧਿਕਾਰੀ ਕੰਮ ਕਰਦਿਆਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਵੱਖ—ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਦੇਸ਼ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਤੋਰ ਤੇ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋ ਮਾਨਤਾ ਪ੍ਰਾਪਤ ਹੈ । ਇਸਦੇ ਆਧਾਰ ਤੇ ਹੀ ਪੰਜਾਬੀ ਯੂਨੀਵਰਸਿਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਮੂਹ ਪ੍ਰੋਫੈਸਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੀਯੂਸੇਵਾ ਦਾ ਗਠਨ ਕੀਤਾ ਗਿਆ ਸੀ । ਇਸ ਮੋਕੇ ‘ਤੇ ਐਸੋਸੀਏਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਦਲਿਤ ਕਰਮਚਾਰੀਆਂ ਨਾਲ ਸਬੰਧਤ ਮਾਮਲਿਆਂ ਬਾਰੇ ਡਾ. ਕੁਲੱਸਤੇ ਨਾਲ ਵਿਸਥਾਰ ਪੂਰਬਕ ਵਿਚਾਰ—ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਆਉਣ ਦਾ ਵੀ ਸੱਦਾ ਦਿੱਤਾ ਗਿਆ । ਸੰਸਦੀ ਕਮੇਟੀ ਦੇ ਚੇਅਰਮੈਨ ਡਾ. ਕੁਲੱਸ਼ਤੇ ਵੱਲੋ ਡਾ. ਖੋਖਰ ਦੀ ਅਗਵਾਈ ਹੇਠ ਪੀਯੂਸੇਵਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਅਜਿਹੇ ਹੋਰ ਬੁੱਧੀਜੀਵੀਆਂ ਦੇ ਸੰਗਠਨਾਂ ਨੂੰ ਵੀ ਅੱਗੇ ਆਉਣ ਦੀ ਲੋੜ੍ਹ ਹੈ। ਡਾ. ਕੁਲੱਸ਼ਤੇ ਨੇ ਦੱਸਿਆ ਕਿ ਸਟੈਡਿੰਗ ਸੰਸਦੀ ਕਮੇਟੀ ਵੱਲੋਂ ਲਗਾਤਾਰ ਦੇਸ਼ ਦੀਆਂ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਕੜ੍ਹੀ ਵੱਜੋ ਜਲਦ ਹੀ ਸੰਸਦੀ ਕਮੇਟੀ ਵੱਲੋਂ ਦੇਸ਼ ਦੀ ਯੂਨੀਵਰਸਿਟੀਆਂ ਦੇ ਵਾਈਸ—ਚਾਂਸਲਰਾਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ—ਚਾਂਸਲਰ ਨੂੰ ਵੀ ਬੁਲਾਇਆ ਜਾਵੇਗਾ । ਡਾ. ਕੁਲੱਸ਼ਤੇ ਨੇ ਅੱਗੇ ਦੱਸਿਆ ਕਿ ਯੂਨੀਵਰਸਿਟੀਆਂ ਦੇ ਵਾਈਸ—ਚਾਂਸਲਰਾਂ ਨਾਲ ਮੀਟਿੰਗ ਦੋਰਾਨ ਯੂਨੀਵਰਸਿਟੀਆਂ ਵਿੱਚ ਅਨੁਸ਼ੂਚਿਤ ਜਾਤੀਆਂ ਅਤੇ ਜਨ—ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ, ਪ੍ਰੋਫ਼ੈਸਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ—ਵਟਾਂਦਰਾ ਕੀਤਾ ਜਾਵੇਗਾ ।