post

Jasbeer Singh

(Chief Editor)

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਬਿਰਧ ਆਸ਼ਰਮਾਂ ਦਾ ਦੌਰਾ

post-img

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਬਿਰਧ ਆਸ਼ਰਮਾਂ ਦਾ ਦੌਰਾ ਸੰਗਰੂਰ , 18 ਫਰਵਰੀ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਸਕੱਤਰ ਮੈਡਮ ਦਲਜੀਤ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ. ਜੇ. ਐਮ. ਵੱਲੋਂ ਪਿੰਡ ਬਡਰੁੱਖਾਂ ਸਥਿਤ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਅਤੇ ਮਸਤੂਆਣਾ ਸਾਹਿਬ ਸਥਿਤ ਅਸ਼ੀਰਵਾਦ ਬਿਰਧ ਘਰ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗਾਂ ਨੂੰ ਆਸ਼ਰਮ ਵਿੱਚ ਮਿਲ ਰਹੀਆਂ ਸੁਵਿਧਾਵਾਂ ਸਬੰਧੀ ਜਾਇਜਾ ਲਿਆ ਅਤੇ ਬਜ਼ੁਰਗਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਗਈ । ਬਜ਼ੁਰਗਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਜੇਕਰ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਨਹੀਂ ਸਾਂਭਦੇ ਤਾਂ ਮਾਪੇ ਆਪਣੇ ਬੱਚਿਆਂ ਤੋਂ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਹਨ, ਇਸ ਲਈ ਬਜ਼ੁਰਗ ਵੱਲੋਂ ਆਪਣੇ ਇਲਾਕੇ ਦੇ ਐਸ. ਡੀ. ਐਮ. ਕੋਲ ਅਰਜ਼ੀ ਲਗਾਈ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਦੀ ਅਰਜ਼ੀ ਲਗਾਉਣ ਲਈ ਕਿਸੇ ਵਕੀਲ ਦੀ ਵੀ ਜ਼ਰੂਰਤ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਜੇਕਰ ਮਾਪੇ ਆਪਣੀ ਜਾਇਦਾਦ ਬੱਚਿਆਂ ਦੇ ਨਾਂਅ ਕਰ ਚੁੱਕੇ ਹੋਣ ਅਤੇ ਬਾਅਦ ਵਿੱਚ ਬੱਚੇ ਮਾਪਿਆਂ ਦੀ ਦੇਖਭਾਲ ਨਾ ਕਰਦੇ ਹੋਣ ਤਾਂ ਅਜਿਹੀ ਜਾਇਦਾਦ ਵੀ ਮਾਪੇ ਵਾਪਸ ਲੈ ਸਕਦੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਬਜ਼ੁਰਗ ਆਪਣੇ ਕਾਨੂੰਨੀ ਅਧਿਕਾਰਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਕਾਨੂੰਨੀ ਸਹਾਇਤਾ ਲਈ ਟੋਲ ਫ੍ਰੀ ਨੰਬਰ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।

Related Post

Instagram