ਡਵੀਜ਼ਨਲ ਕਮਿਸ਼ਨਰ ਨੇ ਨਗਰ ਨਿਗਮ ਦੇ 7 ਕੌਂਸਲਰਾਂ ਨੂੰ ਸਹੁੰ ਚੁਕਾਈ
- by Jasbeer Singh
- January 29, 2025
ਡਵੀਜ਼ਨਲ ਕਮਿਸ਼ਨਰ ਨੇ ਨਗਰ ਨਿਗਮ ਦੇ 7 ਕੌਂਸਲਰਾਂ ਨੂੰ ਸਹੁੰ ਚੁਕਾਈ -ਨਗਰ ਨਿਗਮ ਦੀਆਂ 60 'ਚੋਂ 50 ਵਾਰਡਾਂ 'ਚ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਪੰਜਾਬ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ 'ਤੇ ਮੋਹਰ-ਅਜੀਤ ਪਾਲ ਸਿੰਘ ਕੋਹਲੀ -ਵਿਧਾਇਕ ਕੋਹਲੀ ਨੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਚਾਈ ਦੀ ਜਿੱਤ ਕਰਾਰ ਦਿੱਤਾ ਪਟਿਆਲਾ, 29 ਜਨਵਰੀ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਵੱਲੋਂ ਨਗਰ ਨਿਗਮ ਪਟਿਆਲਾ ਦੀਆਂ 7 ਵਾਰਡਾਂ ਦੀ ਚੋਣ ਅੱਗੇ ਪਾਉਣ ਦੇ ਇਕਹਿਰੇ ਬੈਂਚ ਦੇ ਫੈਸਲੇ ਨੂੰ ਰੱਦ ਕਰਨ ਮਗਰੋਂ, ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਅੱਜ ਇਨ੍ਹਾਂ ਸੱਤ ਨਵੇਂ ਕੌਂਸਲਰਾਂ ਨੂੰ ਨਿਯਮਾਂ ਮੁਤਾਬਕ ਆਪਣੇ ਅਹੁਦੇ ਦੀ ਸਹੁੰ ਚੁਕਾਈ । ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਵੀ ਮੌਜੂਦ ਸਨ । ਇਸ ਤਰ੍ਹਾਂ ਨਗਰ ਨਿਗਮ ਦੀਆਂ 60 ਵਿੱਚੋਂ 50 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਹੋ ਗਏ ਹਨ । ਵਾਰਡ ਨੰਬਰ 1 ਤੋਂ ਸੋਨੀਆ ਦਾਸ, ਵਾਰਡ 32 ਤੋਂ ਰਣਜੀਤ ਸਿੰਘ, ਵਾਰਡ 33 ਤੋਂ ਗੀਤਾ ਰਾਣੀ, ਵਾਰਡ 36 ਤੋਂ ਹਰਪ੍ਰੀਤ ਸਿੰਘ, ਵਾਰਡ 41 ਤੋਂ ਅਮਨਪ੍ਰੀਤ ਕੌਰ, ਵਾਰਡ 48 ਤੋਂ ਰਾਜੇਸ਼ ਕੁਮਾਰ ਅਤੇ ਵਾਰਡ ਨੰਬਰ 50 ਤੋਂ ਹਰਮਨਜੀਤ ਸਿੰਘ ਨੂੰ ਡਵੀਜਨਲ ਕਮਿਸ਼ਨਰ ਨੇ ਸਹੁੰ ਚਕਾਈ। ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਇਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਵੇਂ ਕੌਂਸਲਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਪਣੀਆਂ ਵਾਰਡਾਂ ਵਿੱਚ ਲੋਕਾਂ ਦੀ ਸੇਵਾ ਅਤੇ ਵਿਕਾਸ ਦੇ ਕੰਮ ਕਰਵਾਉਣਗੇ । ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਮਹਿਲਾਂ ਵਾਲਿਆਂ ਨੂੰ ਜਿੱਥੇ ਪਹਿਲਾਂ ਪਰਮਾਤਮਾ ਨੇ ਅਤੇ ਹੁਣ ਅਦਾਲਤ ਨੇ ਸ਼ੀਸ਼ਾ ਦਿਖਾਇਆ ਹੈ, ਕਿਉਂਕਿ ਜਿੱਥੇ ਪਹਿਲਾਂ ਮਹਿਲਾਂ ਵਾਲਿਆਂ ਦੇ 60 'ਚੋਂ 59 ਕੌਂਸਲਰ ਸਨ ਜੋ ਕਿ ਹੁਣ ਕੇਵਲ 4 ਤੱਕ ਸਿਮਟ ਕੇ ਰਹਿ ਗਏ ਹਨ । ਉਨ੍ਹਾਂ ਕਿਹਾ ਕਿ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਤੇ ਉਨ੍ਹਾਂ ਆਗੂਆਂ ਨੂੰ ਨਕਾਰ ਦਿੰਦੇ ਹਨ, ਜੋ ਜਿੱਤਕੇ ਆਪਣੇ ਮਹਿਲਾਂ ਦੇ ਦਰਵਾਜੇ ਆਮ ਲੋਕਾਂ ਲਈ ਬੰਦ ਕਰ ਦਿੰਦੇ ਸਨ । ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਵੀ ਲੋਕਤੰਤਰ ਦੀ ਜਿੱਤ ਹੈ ਕਿ ਜਿੱਥੇ ਪਹਿਲਾਂ ਵੋਟਾਂ ਕੇਵਲ ਸਵੇਰੇ 10 ਵਜੇ ਤੱਕ ਹੀ ਪੈਂਦੀਆਂ ਸਨ ਤੇ ਮਹਿਲਾਂ ਵਾਲਿਆਂ ਦੀ ਸ਼ਹਿ 'ਤੇ ਬੂਥਾਂ 'ਤੇ ਕਬਜ਼ੇ ਹੋ ਜਾਂਦੇ ਸਨ ਪਰੰਤੂ ਇਸ ਵਾਰ ਲੋਕਾਂ ਨੇ ਸ਼ਾਮ 4 ਵਜੇ ਤੱਕ ਬਿਨ੍ਹਾਂ ਡਰ ਭੈਅ ਦੇ ਅਮਨ-ਅਮਾਨ ਨਾਲ ਵੋਟਾਂ ਪਾਈਆਂ, ਹਾਲਾਂਕਿ ਭਾਜਪਾ ਉਮੀਦਵਾਰਾਂ ਨੇ ਕੇਂਦਰੀ ਸੁਰੱਖਿਆ ਫੋਰਸ ਲੈਕੇ ਡਰਾਵੇ ਦੇਣ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ ਸੀ । ਵਿਧਾਇਕ ਕੋਹਲੀ ਨੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਚਾਈ ਦੀ ਜਿੱਤ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵੋਟਰਾਂ ਨੇ 60 ਵਿੱਚੋਂ 50 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਤਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ 'ਤੇ ਮੋਹਰ ਲਗਾਈ ਹੈ। ਇਸ ਦੌਰਾਨ ਨਵੇਂ ਕੌਂਸਲਰਾਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਆਪਣੇ ਵਾਰਡਾਂ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨਗੇ ।
Related Post
Popular News
Hot Categories
Subscribe To Our Newsletter
No spam, notifications only about new products, updates.