
ਡਾ. ਅੰਬੇਡਕਰ ਦੀ ਦਾਰਸ਼ਨਿਕ ਵਿਰਾਸਤ ਬਰਾਬਰੀ ਵਾਲੇ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਮਹੱਤਵਪੂਰਨ : ਹਰਭਜਨ ਸਿੰਘ ਈ.
- by Jasbeer Singh
- February 7, 2025

ਡਾ. ਅੰਬੇਡਕਰ ਦੀ ਦਾਰਸ਼ਨਿਕ ਵਿਰਾਸਤ ਬਰਾਬਰੀ ਵਾਲੇ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਮਹੱਤਵਪੂਰਨ : ਹਰਭਜਨ ਸਿੰਘ ਈ. ਟੀ. ਓ. ਪੰਜਾਬ ਯੂਨੀਵਰਸਿਟੀ ਵਿਖੇ ਇੱਕ ਰੋਜ਼ਾ ਸੈਮੀਨਾਰ ਦੌਰਾਨ ਜਾਤੀ ਅਧਾਰਤ ਵਿਤਕਰੇ ਨੂੰ ਖਤਮ ਕਰਨ ਦੀ ਮਹੱਤਤਾ ‘ਤੇ ਦਿੱਤਾ ਜ਼ੋਰ ਚੰਡੀਗੜ੍ਹ, 7 ਫਰਵਰੀ : ਸਮਾਜਿਕ ਨਿਆਂ ਲਈ ਭਾਰਤ ਦੇ ਯਤਨਾਂ ਵਿੱਚ ਡਾ. ਬੀ. ਆਰ. ਅੰਬੇਡਕਰ ਦੀ ਦਾਰਸ਼ਨਿਕ ਵਿਰਾਸਤ ਦੀ ਸਥਾਈ ਮਹੱਤਤਾ 'ਤੇ ਜ਼ੋਰ ਦਿੰਦਿਆਂ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਕਿਹਾ ਕਿ ਡਾ. ਅੰਬੇਡਕਰ ਦਾ ਸਮਾਜਿਕ ਨਿਆਂ ਦਾ ਡੂੰਘਾ ਅਤੇ ਪਰਿਵਰਤਨਵਾਦੀ ਦ੍ਰਿਸ਼ਟੀਕੋਣ ਇੱਕ ਬਰਾਬਰੀ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਦੇ ਯਤਨਾਂ ਵਿੱਚ ਮਾਰਗਦਰਸ਼ਨ ਕਰਨ ਲਈ ਮਹੱਤਵਪੂਰਨ ਹੈ । ਡਾ. ਬੀ. ਆਰ. ਅੰਬੇਡਕਰ ਦੀ ਦਾਰਸ਼ਨਿਕ ਵਿਰਾਸਤ ਅਤੇ ਸਮਾਜਿਕ ਨਿਆਂ ਲਈ ਭਾਰਤ ਦੇ ਯਤਨ’ ਵਿਸ਼ੇ 'ਤੇ ਪੰਜਾਬ ਯੂਨੀਵਰਸਿਟੀ ਵਿਖੇ ਹੋਏ ਇਕ ਰੋਜ਼ਾ ਸੈਮੀਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਡਾ. ਅੰਬੇਡਕਰ ਦਾ ਮੰਨਣਾ ਸੀ ਕਿ ਸਮਾਜਿਕ ਨਿਆਂ ਕੇਵਲ ਇੱਕ ਕਾਨੂੰਨੀ ਸਿਧਾਂਤ ਨਹੀਂ ਸਗੋਂ ਇੱਕ ਨੈਤਿਕ ਅਤੇ ਸਮਾਜਿਕ ਲੋੜ ਹੈ ਜੋ ਆਜ਼ਾਦੀ, ਬਰਾਬਰੀ ਨੂੰ ਯਕੀਨੀ ਬਣਾਉਂਦਾ ਹੈ । ਕੈਬਨਿਟ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਭਾਰਤੀ ਸਮਾਜ ਵਿੱਚ ਡੂੰਘੀ ਤਰ੍ਹਾਂ ਫੈਲੀ ਹੋਈ ਲਿੰਗ ਅਸਮਾਨਤਾ ਦੇ ਮੱਦੇਨਜ਼ਰ ਔਰਤਾਂ ਦੇ ਅਧਿਕਾਰਾਂ ਲਈ ਡਾ. ਅੰਬੇਡਕਰ ਵੱਲੋਂ ਕੀਤੀ ਗਈ ਵਕਾਲਤ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਔਰਤਾਂ ਦੀ ਸੁਰੱਖਿਆ ਅਤੇ ਉੱਨਤੀ ਲਈ ਵਿਧਾਨਿਕ ਸੁਧਾਰਾਂ ਲਈ ਅਣਥੱਕ ਕੰਮ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਨੇ ਸਮਕਾਲੀ ਭਾਰਤ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਨੂੰਨੀ ਪ੍ਰਬੰਧਾਂ ਦੀ ਨੀਂਹ ਰੱਖੀ । ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਡਾ. ਅੰਬੇਡਕਰ ਦਾ ਸਮਾਜਿਕ ਨਿਆਂ ਦਾ ਦ੍ਰਿਸ਼ਟੀਕੋਣ ਇੱਕ ਜੀਵਤ ਫਲਸਫਾ ਹੈ ਜੋ ਪ੍ਰਸ਼ਾਸਨ, ਨੀਤੀਆਂ ਅਤੇ ਸਮਾਜਿਕ ਅੰਦੋਲਨਾਂ ਨੂੰ ਪ੍ਰੇਰਿਤ ਕਰਦਾ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇੱਕ ਸਮਾਜ ਦੇ ਰੂਪ ਵਿੱਚ, ਸਾਨੂੰ ਜਾਤੀ ਅਧਾਰਤ ਭੇਦਭਾਵ ਨੂੰ ਖਤਮ ਕਰਨ, ਮੌਕਿਆਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ, ਭਾਈਚਾਰੇ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਹਾਸ਼ੀਏ 'ਤੇ ਪਏ ਲੋਕਾਂ ਨੂੰ ਸਸ਼ਕਤ ਕਰਨ ਲਈ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ । ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਆਪਣੇ ਭਾਸ਼ਣ ਦੀ ਸਮਾਪਤੀ ਡਾ. ਬੀ. ਆਰ. ਅੰਬੇਡਕਰ ਦੇ ਇਸ ਵਿਸ਼ਵਾਸ ਕਿ ਦਮਨਕਾਰੀ ਸਮਾਜਿਕ ਢਾਂਚੇ ਨੂੰ ਖਤਮ ਕਰਨ ਅਤੇ ਸਾਰਿਆਂ ਲਈ ਬਰਾਬਰ ਦੇ ਮੌਕੇ ਪੈਦਾ ਕਰਨ ਲਈ ਰਾਜ ਦੀ ਦਖਲਅੰਦਾਜ਼ੀ ਮਹੱਤਵਪੂਰਨ ਹੈ ਨਾਲ ਕੀਤਾ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜਿਕ ਨਿਆਂ ਹੀ ਇੱਕ ਸਦਭਾਵਨਾ ਵਾਲੇ, ਸਥਿਰ ਅਤੇ ਦੇਸ਼ਭਗਤੀ ਵਾਲੇ ਸਮਾਜ ਦੀ ਨੀਂਹ ਹੈ, ਅਤੇ ਇੱਕ ਸੱਚਮੁੱਚ ਨਿਆਂਪੂਰਨ ਅਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਦਾ ਰਾਹ ਇਸ ਵਿਚਾਰਧਾਰਾ ‘ਤੇ ਪਹਿਰਾ ਦੇ ਕੇ ਹੀ ਪੱਧਰਾ ਕੀਤਾ ਜਾ ਸਕਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.