post

Jasbeer Singh

(Chief Editor)

Patiala News

ਡਾ ਬਲਬੀਰ ਸਿੰਘ ਨੇ ਸੱਤ ਨਵੀਂਆਂ ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਪਿੰਡਾਂ ' ਚ ਕੀਤਾ ਰਵਾਨਾ

post-img

ਡਾ ਬਲਬੀਰ ਸਿੰਘ ਨੇ ਸੱਤ ਨਵੀਂਆਂ ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਪਿੰਡਾਂ ' ਚ ਕੀਤਾ ਰਵਾਨਾ ਮੋਬਾਈਲ ਮੈਡੀਕਲ ਵੈਨਾਂ ਦੇ ਰੂਪ ' ਚ ਹੁਣ ਚਲਦਾ ਫਿਰਦਾ ਹਸਪਤਾਲ ਪਿੰਡਾਂ ਦੀ ਚੌਖ਼ਟ ' ਤੇ - ਡਾ ਬਲਬੀਰ ਸਿੰਘ ਕਿਹਾ, ਹੰਸ ਫਾਊਂਡੇਸ਼ਨ ਅਤੇ ਸਿਹਤ ਵਿਭਾਗ ਦੀ ਸਾਂਝ ਨਾਲ ਲੋਕਾਂ ਨੂੰ ਦਰਵਾਜ਼ੇ ਤਕ ਮਿਲੇਗੀ ਸਿਹਤ ਸੇਵਾ ਪਟਿਆਲਾ, 11 ਅਕਤੂਬਰ 2025 : ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ ਬਲਬੀਰ ਸਿੰਘ ਨੇ ਅੱਜ ਸੱਤ ਨਵੀਆਂ ਤਿਆਰ ਕੀਤੀਆਂ ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਪਟਿਆਲਾ ਦੇ ਵੱਖ-ਵੱਖ ਦਿਹਾਤੀ ਖੇਤਰਾਂ ਵੱਲ ਰਵਾਨਾ ਕੀਤਾ। ਇਹ ਪ੍ਰੋਜੈਕਟ ਹੰਸ ਫਾਊਂਡੇਸ਼ਨ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਸਾਂਝੀ ਕੋਸ਼ਿਸ਼ ਹੈ ਜਿਸਦਾ ਉਦੇਸ਼ ਦੂਰ-ਦਰਾਜ ਅਤੇ ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਮੁਫ਼ਤ ਅਤੇ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ।ਇਹ ਵੈਨਾਂ ਰੋਜ਼ਾਨਾ ਦੋ ਪਿੰਡਾਂ ਵਿਚ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੇ ‘ਸਿਹਤ ਸੇਵਾਵਾਂ ਹਰ ਵਿਅਕਤੀ ਤੱਕ’ ਉਦੇਸ਼ ਨੂੰ ਹਕੀਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।" ਓਹਨਾ ਕਿਹਾ ਕਿ ਇਨ੍ਹਾਂ ਮੋਬਾਈਲ ਵੈਨਾਂ ਵਿੱਚ ਇੱਕ ਤਜਰਬੇਕਾਰ ਡਾਕਟਰ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਅਤੇ ਸਮਾਜਿਕ ਵਿਕਾਸ ਅਫ਼ਸਰ ਮੌਜੂਦ ਹੋਣਗੇ। ਇਹ ਵੈਨਾਂ ਰੋਜ਼ਾਨਾ ਪਿੰਡਾਂ 'ਚ ਦੌਰਾ ਕਰਦੀਆਂ ਹੋਈਆਂ ਲੋਕਾਂ ਨੂੰ ਸਿੱਧੀ ਸਿਹਤ ਸੇਵਾ ਮੁਹੱਈਆ ਕਰਵਾਉਣਗੀਆਂ ਅਤੇ ਹਰ ਵੈਨ ਵਿੱਚ ਲਗਭਗ ਸਾਰੇ ਜਰੂਰੀ ਟੈਸਟਾਂ ਲਈ ਸਾਜੋ-ਸਾਮਾਨ ਮੌਜੂਦ ਹੋਵੇਗਾ । ਇਨ੍ਹਾਂ ਵੈਨਾਂ ਰਾਹੀਂ ਨਾਗਰਿਕਾਂ ਨੂੰ ਮੁਫ਼ਤ ਟੈਸਟ, ਮੁਫ਼ਤ ਦਵਾਈਆਂ ਅਤੇ ਡਾਕਟਰੀ ਸਲਾਹ ਮਿਲੇਗੀ। ਡਾ. ਬਲਬੀਰ ਸਿੰਘ ਨੇ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਲਿਆਂਦੇ ਜਾ ਰਹੇ ਸੁਧਾਰਾਂ ਦੇ ਤਹਿਤ ਇਹ ਇੱਕ ਨਵੇਕਲਾ ਉਪਰਾਲਾ ਹੈ ਜੋ ਸਿੱਧਾ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਮੋਬਾਈਲ ਮੈਡੀਕਲ ਕਲੀਨਿਕ ਇੱਕ ਚਲਦਾ-ਫਿਰਦਾ ਹਸਪਤਾਲ ਹੈ ਜੋ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਜੋ ਕਿਸੇ ਕਾਰਨ ਕਰਕੇ ਹਸਪਤਾਲ ਜਾਂ ਡਿਸਪੈਂਸਰੀ ਤੱਕ ਨਹੀਂ ਪਹੁੰਚ ਸਕਦੇ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਵੈਨਾਂ ਨਾ ਸਿਰਫ਼ ਸਿਹਤ ਸੇਵਾਵਾਂ ਦੇਣਗੀਆਂ, ਸਗੋਂ ਸਿਹਤ ਸੰਬੰਧੀ ਜਾਗਰੂਕਤਾ ਵੀ ਫੈਲਾਉਣਗੀਆਂ। ਇਸ ਰਾਹੀਂ ਲੋਕਾਂ ਨੂੰ ਉਚਿਤ ਸਲਾਹ, ਨਿਯਮਤ ਦਵਾਈ, ਲੋੜੀਦੇ ਟੈਸਟ ਅਤੇ ਤੁਰੰਤ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਹੰਸ ਫਾਊਂਡੇਸ਼ਨ ਨਾਲ ਇਹ ਸਾਂਝਦਾਰੀ ਸਰਕਾਰੀ-ਗੈਰ ਸਰਕਾਰੀ ਸਾਂਝ ਦੇ ਸਰਵੋਤਮ ਨਮੂਨੇ ਵਜੋਂ ਸਾਹਮਣੇ ਆਉਂਦੀ ਹੈ। ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਹਤ ਸੇਵਾਵਾਂ ਨੂੰ ਸਿਰਫ਼ ਸ਼ਹਿਰੀ ਖੇਤਰਾਂ ਤੱਕ ਸੀਮਿਤ ਨਾ ਰੱਖ ਕੇ ਹਰ ਪਿੰਡ, ਹਰੇਕ ਦਿਹਾਤੀ ਖੇਤਰ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਜਿਹੇ ਮੋਬਾਈਲ ਕਲੀਨਿਕ ਯੂਨਿਟ ਤਿਆਰ ਕਰਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜੇ ਜਾਣਗੇ ਅਤੇ ਪਿੰਡਾਂ ਵਿਚ ਅਲਟਰਾਸਾਉਂਡ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰੋਜੈਕਟ ਕੋ ਆਰਡੀਨੇਟਰ ਅਨਿਰੁਧ, ਹੰਸ ਫਾਊਂਡੇਸ਼ਨ ਤੋਂ ਸੀਮਾ ਸਿੰਘ, ਹਰੀਸ਼ ਪਾਂਡੇ, ਸਿਹਤ ਵਿਭਾਗ ਦੇ ਅਧਿਕਾਰੀ , ਜਸਬੀਰ ਗਾਂਧੀ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।

Related Post