

ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਸ਼ੁਤਰਾਣਾ ਫੇਰੀ ਦੌਰਾਨ ਕਈ ਧਨੇਠਾ ਸਣੇ ਪਿੰਡਾਂ ਵਿੱਚ ਲੋਕ ਮਿਲਣੀਆਂ ਕੀਤੀਆਂ। ਇਸ ਦੌਰਾਨ ਸ਼ੁਤਰਾਣਾ ’ਚ ਵਿਧਾਇਕ ਕੁਲਵੰੰਤ ਬਾਜ਼ੀਗਰ ਦੀ ਅਗਵਾਈ ਹੇਠ ਵੱਡੀ ਰੈਲੀ ਵੀ ਕੀਤੀ ਗਈ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਬਾਰੇ ਜਾਣੂ ਕਰਵਾਉਣਾ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਨੇ ਭਾਜਪਾ ਨੂੰ ‘ਭਾਰਤੀ ਜੁਮਲਾ ਪਾਰਟੀ’ ਦਾ ਨਾਂਅ ਦਿੰਦਿਆਂ ਕਿਹਾ ਕਿ ਦਸ ਸਾਲਾਂ ਦੇ ਰਾਜ ਵਿੱਚ ਭਾਜਪਾ ਨੇ ਦੇਸ਼ ਨੂੰ ਪੰਜਾਹ ਸਾਲ ਪਿੱਛੇ ਧੱਕ ਦਿੱਤਾ ਹੈ। ਇਹ ਹੀ ਨਹੀਂ ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੀ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਮਨ ਬਣਾ ਲਿਆ ਹੈ ਜਿਸ ਕਰਕੇ ਭਾਜਪਾ ਦੀ ਉਮੀਦਵਾਰ ਨੂੰ ਪਿੰਡਾਂ ਵਿੱਚ ਵੜਨ ਵੀ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਬਲਬੀਰ ਸਿੰਘ ਨੇ ਵੋਟਰਾਂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਹਲਕੇ ਦੀ ਹਰ ਜਨਤਕ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਵੋਟਾਂ ਪਾ ਕੇ ਸੰਵਿਧਾਨ ਨੂੰ ਖਤਮ ਕਰਨ ’ਤੇ ਤੁਲੀ ਭਾਜਪਾ ਨੂੰ ਜਵਾਬ ਦੇਣਾ ਜ਼ਰੂਰੀ ਹੈ। ਇਸ ਮੌਕੇ ਕਰਨਲ ਜੇਵੀ ਸਿੰਘ, ਜਸਬੀਰ ਸਿੰਘ ਗਾਂਧੀ, ਲਾਡੀ ਜੌੜਾਮਾਜਰਾ, ਜਗਦੀਪ ਸਿੰਘ ਜੱਗਾ, ਰਣਜੀਤ ਸਿੰਘ ਵਿਰਕ, ਬੂਟਾ ਸਿੰਘ, ਵਿਕਰਮ ਜੀਤ ਸਿੰਘ ਵੜੈਚ, ਜਸਵਿੰਦਰ ਸਿੰਘ, ਈਸ਼ਵਰ ਸਿੰਘ ਰਾਣਾ ਤੇ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।