ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਅੱਜ ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ’ਚ ਚੋਣ ਮੀਟਿੰਗ ਕੀਤੀਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਸ ਦਾ ਪਹਿਲਾ ਕੰਮ ਘੱਗਰ ਦਰਿਆ ’ਤੇ ਬੰਨ੍ਹ ਬਣਾ ਕੇ ਹੜ੍ਹਾਂ ਦੀ ਸਮੱਸਿਆ ਦਾ ਸਥਾਈ ਹੱਲ ਕਰਨਾ ਹੋਵੇਗਾ ਤਾਂ ਜੋ ਦਹਾਕਿਆਂ ਤੋਂ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਇਲਾਕਾ ਵਾਸੀਆਂ ਨੂੰ ਰਾਹਤ ਮਿਲ ਸਕੇ। ਜਾਣਕਾਰੀ ਅਨੁਸਾਰ ਉਨ੍ਹਾਂ ਅੱਜ ਘਨੌਰ ਦੇ ਪਿੰਡਾਂ ਖੇੜੀਗੁਰਨਾ, ਆਲਮਪੁਰ, ਖੇੜੀ ਗੰਡਿਆਂ, ਖਾਨਪੁਰ, ਕੁੱਥਾਖੇੜੀ, ਬਹਾਵਲਪੁਰ, ਬਘੌਰਾ, ਲੋਹਸਿੰਬਲੀ, ਜੰਡ ਮੰਗੌਲੀ, ਮਰਦਾਂਪੁਰ, ਬਠੌਣੀਆਂ ਅਤੇ ਮੰਡੌਲੀ ਆਦਿ ’ਚ ਚੋਣ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਇੰਚਾਰਜ ਭੁਪਿੰਦਰ ਸ਼ੇਖੂਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ, ਸੁਖਜੀਤ ਬਘੌਰਾ, ਹਲਕਾ ਚੋਣ ਇੰਚਾਰਜ ਕ੍ਰਿਸ਼ਨਪਾਲ ਸ਼ਰਮਾ ਸਮੇਤ ਮਨਜੀਤ ਮਲਿਕਪੁਰ, ਜਸਬੀਰ ਜੱਸੀ, ਸਵਰਨ ਸਿੰਘ ਤੇ ਹਰਵਿੰਦਰ ਮਹਿਮੂਦਪੁਰ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਐੱਨਕੇ ਸ਼ਰਮਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਘੱਗਰ ਦਰਿਆ ਦੀ ਸਭ ਤੋਂ ਵੱਡੀ ਸਮੱਸਿਆ ਵਜੋਂ ਦੱਸੀ, ਉੱਥੇ ਹੀ ਲੋਕ ਸਿਹਤ ਸਹੂਲਤਾਂ ਤੋਂ ਵੀ ਦੁਖੀ ਹਨ। ਸ਼ਰਮਾ ਨੇ ਕਿਹਾ ਕਿ ਪ੍ਰਨੀਤ ਕੌਰ ਅਤੇ ਡਾ. ਧਰਮਵੀਰ ਗਾਂਧੀ ਨੇ ਘੱਗਰ ਦਰਿਆ ਦੇ ਨਾਮ ’ਤੇ ਵੋਟਾਂ ਬਟੋਰ ਕੇ ਲੋਕਾਂ ਨਾਲ ਧਰੋਹ ਕਮਾਇਆ ਹੈ, ਪਰ ਉਸ ਦੇ ਰਿਕਾਰਡ ਬੋਲਦੇ ਹਨ ਕਿ ਜੋ ਵੀ ਕਿਹਾ ਹੈ ਕਿ ਉਹ ਕਰਕੇ ਵਿਖਾਇਆ ਹੈ। ਇਸ ਕਰਕੇ ਉਹ ਲੋਕਾਂ ਨੂੰ ਹੜ੍ਹਾਂ ਤੋਂ ਪੱਕੇ ਤੌਰ ’ਤੇ ਮੁਕਤੀ ਦਿਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਨੀਤ ਕੌਰ ਅਤੇ ਧਰਮਵੀਰ ਗਾਂਧੀ ਤੋਂ ਲੋਕ ਉਨ੍ਹਾਂ ਦਾ ਰਿਪੋਰਟ ਕਾਰਡ ਜ਼ਰੂਰ ਮੰਗਣ। ਅਕਾਲੀ ਆਗੂ ਨੇ ਕਿਹਾ ਕਿ ਅੱਜ ਪਟਿਆਲਾ ਹਲਕੇ ਵਿੱਚ ਸਿਹਤ ਸਹੂਲਤਾਂ ਦਾ ਜਨਾਜਾ ਨਿਕਲ ਗਿਆ ਹੈ। ਅਕਾਲੀ ਸਰਕਾਰ ਦੇ ਸਮੇਂ ਖੋਲ੍ਹੇ ਗਏ ਸੁਵਿਧਾ ਕੇਂਦਰਾਂ ’ਤੇ ਮੁਹੱਲਾ ਕਲੀਨਿਕਾਂ ਦੇ ਬੋਰਡ ਟੰਗ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੀ ‘ਆਪ’ ਸਰਕਾਰ ਇਸ ਚੋਣ ਵਿੱਚ ਬੇਨਕਾਬ ਹੋ ਗਈ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.