
ਡਾ. ਕਮਲੇਸ਼ ਉਪਲ ਨੂੰ ਅੱਜ ਮਿਲੇਗਾ ਪਹਿਲਾ ਨਾਟ ਮੰਚ ਅਧਿਐਨ ਪੁਰਸਕਾਰ
- by Jasbeer Singh
- January 4, 2025

ਡਾ. ਕਮਲੇਸ਼ ਉਪਲ ਨੂੰ ਅੱਜ ਮਿਲੇਗਾ ਪਹਿਲਾ ਨਾਟ ਮੰਚ ਅਧਿਐਨ ਪੁਰਸਕਾਰ ਪਟਿਆਲਾ : ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਹੁਣ ਤੱਕ ਬਹੁਤ ਸਾਰੇ ਨਾਟਕਕਾਰਾਂ ਨੂੰ ਵੱਡੇ-ਵੱਡੇ ਐਵਾਰਡ ਮਿਲੇ ਹਨ ਤੇ ਬਹੁਤ ਸਾਰੇ ਨਿਰਦੇਸ਼ਕਾਂ ਤੇ ਅਦਾਕਾਰਾਂ ਨੂੰ ਵੀ ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ ਪਰ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਪੰਜਾਬੀ ਵਿੱਚ ਪਹਿਲੀ ਵਾਰ ਨਾਟਕ ਤੇ ਰੰਗਮੰਚ ਦੇ ਖੋਜੀਆਂ ਅਤੇ ਆਲੋਚਕਾਂ ਲਈ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ । ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਖੋਜ ਪਰਿਵਾਰ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ, ਕੁਆਰਡੀਨੇਟਰ ਡਾ. ਦਵਿੰਦਰ ਕੁਮਾਰ ਅਤੇ ਡਾ. ਗੁਰਸੇਵਕ ਲੰਬੀ ਨੇ ਦੱਸਿਆ ਕਿ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਪੰਜਾਬੀ ਨਾਟਕ ਤੇ ਰੰਗਮੰਚ ਦੇ ਉੱਘੇ ਹਸਤਾਖਰ ਅਤੇ ਵੱਡੇ ਵਿਦਵਾਨ ਡਾ. ਸਤੀਸ਼ ਕੁਮਾਰ ਵਰਮਾ ਦੇ ਪੀਐਚਡੀ ਅਤੇ ਐਮਫਿਲ ਦੇ ਸ਼ਾਗਿਰਦਾਂ ਵੱਲੋਂ ਸ਼ੁਰੂ ਕੀਤਾ ਹੋਇਆ ਗਰੁੱਪ ਹੈ। ਜਿਸ ਵਿੱਚ ਇਸ ਵੇਲੇ ਪੰਜਾਬੀ ਦੇ ਸਾਰੇ ਵੱਡੇ ਨਾਟਕਕਾਰ, ਨਿਰਦੇਸ਼ਕ, ਅਦਾਕਾਰ ਅਤੇ ਖੋਜੀ ਸ਼ਾਮਲ ਹਨ। ਇਸ ਪਰਿਵਾਰ ਵੱਲੋਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਨਾਟਕ ਤੇ ਰੰਗਮੰਚ ਦੇ ਕਿਸੇ ਵੱਡੇ ਮਸਲੇ, ਸਰੋਕਾਰ ਜਾਂ ਵਿਅਕਤੀ ਉੱਪਰ ਰੰਗਪੀਠ ਨਾਂ ਦੀ ਆਨਲਾਈਨ ਬੈਠਕ ਹੁੰਦੀ ਹੈ । ਇਨ੍ਹਾਂ ਰੰਗਪੀਠਾਂ ਦੀ ਡਾਕੂਮੈਂਟੇਸ਼ਨ ਕਰਕੇ ਹੁਣ ਤੱਕ ਛੇ ਖੋਜ ਦੀਆਂ ਪੁਸਤਕਾਂ ਤਿਆਰ ਹੋ ਚੁੱਕੀਆਂ ਹਨ ਤੇ ਭਵਿੱਖ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਤਿਆਰ ਹੋ ਰਹੀਆਂ ਹਨ । ਨਾਟਕ ਤੇ ਰੰਗਮੰਚ ਦੀ ਖੋਜ ਨਾਲ ਜੁੜੇ ਇਸ ਵਿਲੱਖਣ ਅਦਾਰੇ ਵੱਲੋਂ ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਖੋਜ ਅਤੇ ਅਧਿਐਨ ਨੂੰ ਉਤਸਾਹਿਤ ਕਰਨ ਲਈ 21000 ਰੁਪਏ ਦੇ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਪਹਿਲਾ ਨਾਟ-ਮੰਚ ਅਧਿਐਨ ਐਵਾਰਡ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿੱਚ ਲੰਮਾ ਸਮਾਂ ਖੋਜ ਕਾਰਜ ਕਰਨ ਵਾਲੀ ਸ਼ਖ਼ਸੀਅਤ ਡਾ. ਕਮਲੇਸ਼ ਉੱਪਲ ਨੂੰ ਭੇਂਟ ਕੀਤਾ ਜਾ ਰਿਹਾ ਹੈ । ਉਨ੍ਹਾਂ ਨੂੰ ਇਹ ਪੁਰਸਕਾਰ 5 ਜਨਵਰੀ 2025 ਨੂੰ ਹੋਟਲ ਇਕਬਾਲ ਇਨ ਪਟਿਆਲਾ ਵਿਖੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਦੇ ਸਲਾਨਾ ਸਥਾਪਨਾ ਦਿਵਸ ਸਮਾਰੋਹ ਦੇ ਮੌਕੇ ਤੇ ਪ੍ਰਦਾਨ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਡਾ. ਕਮਲੇਸ਼ ਉੱਪਲ ਨੇ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚ ਕੰਮ ਕਰਦਿਆਂ ਨਾਟਕ ਦੀ ਇਤਿਹਾਸਕਾਰੀ ਤੇ ਨਾਟਕ ਦੇ ਦਸਤਾਵੇਜ਼ੀਕਰਨ ਉਪਰ ਚਾਰ ਮਹੱਤਵਪੂਰਨ ਪੁਸਤਕਾਂ ਦਿੱਤੀਆਂ ਹਨ ਅਤੇ ਇਸ ਦੇ ਨਾਲ ਨਾਟਕ ਤੇ ਰੰਗਮੰਚ ਦੇ ਸਿਧਾਂਤਕ ਮਸਲਿਆਂ ਤੇ ਵੀ ਕਿਤਾਬਾਂ ਲਿਖੀਆਂ ਹਨ ।