
ਡੀ. ਟੀ. ਐੱਫ. ਵੱਲੋਂ 5994 ਅਧਿਆਪਕਾਂ 'ਤੇ ਪੁਲੀਸ ਤਸ਼ੱਦਦ ਖਿਲਾਫ਼ ਅਖੌਤੀ ਸਿੱਖਿਆ ਕ੍ਰਾਂਤੀ ਦਾ ਅਰਥੀ ਫੂਕ ਮੁਜ਼ਾਹਰਾ
- by Jasbeer Singh
- April 25, 2025

ਡੀ. ਟੀ. ਐੱਫ. ਵੱਲੋਂ 5994 ਅਧਿਆਪਕਾਂ 'ਤੇ ਪੁਲੀਸ ਤਸ਼ੱਦਦ ਖਿਲਾਫ਼ ਅਖੌਤੀ ਸਿੱਖਿਆ ਕ੍ਰਾਂਤੀ ਦਾ ਅਰਥੀ ਫੂਕ ਮੁਜ਼ਾਹਰਾ ~ਅਧਿਆਪਕਾਂ ਤੋਂ ਸੱਖਣੇ ਸਕੂਲ ਖੋਖਲੀ ਸਿੱਖਿਆ ਕ੍ਰਾਂਤੀ ਦੀ ਨਿਸ਼ਾਨੀ:ਡੀਟੀਐੱਫ ~ਸਿੱਖਿਆ ਮੰਤਰੀ ਦੀ ਸ਼ਹਿ ਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਅਧਿਕਾਰੀਆਂ 'ਤੇ ਕੀਤੀ ਜਾਵੇ ਸਖਤ ਕਾਰਵਾਈ ਪਟਿਆਲਾ, 25 ਅਪ੍ਰੈਲ 2025 : ਬੀਤੀ 19 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 5994 ਈ. ਟੀ. ਟੀ. ਭਰਤੀ (ਬੈਕਲਾਗ) ਵਿੱਚ ਚੁਣੇ ਗਏ ਅਧਿਆਪਕਾਂ ਦੀ ਅਨੰਦਪੁਰ ਸਾਹਿਬ ਪੁਲੀਸ ਵੱਲੋਂ ਕੀਤੀ ਗਈ ਬੇਪੱਤੀ ਦੇ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਪੁਰਾਣੇ ਬੱਸ ਸਟੈਂਡ ਚੌਂਕ 'ਚ 'ਆਪ' ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ । ਉਪਰੰਤ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਡੀ. ਟੀ. ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਡੀ. ਐਮ. ਐਫ. ਦੇ ਆਗੂ ਗੁਰਜੀਤ ਘੱਗਾ ਨੇ ਕਿਹਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਬੇਰੁਜ਼ਗਾਰ ਅਧਿਆਪਕਾਂ(5994 ਈ. ਟੀ. ਟੀ. ਭਰਤੀ (ਬੈਕਲਾਗ)) ਦੇ ਪ੍ਰਦਰਸ਼ਨ ਦੌਰਾਨ ਅਨੰਦਪੁਰ ਸਾਹਿਬ ਦੇ ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ ਵੱਲੋਂ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਮਾਰੇ ਗਏ ਅਤੇ ਬਾਕੀ ਪੁਲੀਸ ਮੁਲਾਜ਼ਮਾਂ ਵੱਲੋਂ ਅਧਿਆਪਕਾਂ ਨੂੰ ਸੜਕ 'ਤੇ ਘੜੀਸਣ ਤੋਂ ਇਲਾਵਾ ਉਨ੍ਹਾਂ ਨੂੰ ਪੁਲਸ ਵੈਨ ਵਿੱਚ ਚੜ੍ਹਾਉਣ ਮੌਕੇ ਸ਼ਰੇਆਮ ਠੁੱਡੇ ਮਾਰੇ ਗਏ ਅਤੇ ਇੱਕ ਪੁਲਸ ਅਧਿਕਾਰੀ ਵੱਲੋਂ ਇੱਕ ਅਧਿਆਪਕ ਦੀ ਹਿੱਕ ਉੱਪਰ ਗੋਡੇ ਰੱਖ ਕੇ ਬੈਠੇ ਦੀ ਵੀਡੀਓ ਵੀ ਵਾਇਰਲ ਹੋਈ ਹੈ । ਇਸ ਦੌਰਾਨ ਪੁਲੀਸ ਵੱਲੋਂ ਅਧਿਆਪਕਾਂ ਨੂੰ ਜੰਮ ਕੇ ਗਾਲੀ ਗਲੋਚ ਵੀ ਕੀਤਾ ਗਿਆ । ਉਹਨਾਂ ਕਿਹਾ ਕਿ ਅਧਿਆਪਕਾਂ ਦੇ ਨਿਰਾਦਰ ਦੀਆਂ ਘਟਨਾਵਾਂ ਪ੍ਰਤੀ ਅਫਸੋਸ ਜਾਹਿਰ ਕਰਨ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਿੱਖਿਆ ਮੰਤਰੀ ਅਤੇ ਬਾਕੀ ਵਿਧਾਇਕਾਂ ਵੱਲੋਂ ਅਖੌਤੀ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਕਈ-ਕਈ ਸਾਲ ਪਹਿਲਾਂ ਹੋ ਚੁੱਕੇ ਕੰਮਾਂ ਦੇ ਉਦਘਾਟਨਾਂ ਦੀ ਨ੍ਹੇਰੀ ਲਿਆਂਦੀ ਹੋਈ ਹੈ ਅਤੇ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਭੇਟਾ ਚਾੜ੍ਹਿਆ ਹੋਇਆ ਹੈ । ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਿੰਨ੍ਹਾਂ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਸੰਗਰੂਰ ਵਿੱਚ ਆਪ ਐਮਐਲਏ ਦੀ ਪੁਸ਼ਤਪਨਾਹੀ ਹੇਠ ਭੂ-ਮਾਫੀਏ ਵੱਲੋ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਨਿਰਭੈ ਸਿੰਘ ਤੇ ਕੀਤੇ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ । ਡੀ. ਟੀ. ਐੱਫ. ਆਗੂਆਂ ਭੁਪਿੰਦਰ ਮਰਦਾਂਹੇੜੀ,ਹਰਿੰਦਰ ਪਟਿਆਲਾ, ਰੋਮੀ ਸਫੀਪੁਰ, ਰਵਿੰਦਰ ਕੰਬੋਜ ਅਤੇ ਕ੍ਰਿਸ਼ਨ ਚੋਹਾਨਕੇ ਨੇ ਕਿਹਾ ਕਿ 'ਆਪ' ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ 856 ਅਸਾਮੀਆਂ, ਹੈਡ ਮਾਸਟਰਾਂ ਦੀਆਂ 400, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 100, ਲੈਕਚਰਾਰਾਂ ਦੀਆਂ ਛੇ ਹਜਾਰ ਤੋਂ ਵਧੇਰੇ ਅਸਾਮੀਆਂ, ਆਰਟ ਐਂਡ ਕ੍ਰਾਫਟ, ਖੇਡ ਅਧਿਆਪਕਾਂ, ਈ. ਟੀ. ਟੀ. ਅਤੇ ਮਾਸਟਰ ਕਾਡਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ । ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਬਣਾਉਣ ਦੀ ਥਾਂ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ 'ਤੇ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ । ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਨੂੰ ਕੁਚਲਣ ਦੀ ਪੁਲੀਸ ਨੂੰ ਖੁੱਲ੍ਹ ਦਿੱਤੀ ਹੋਈ ਹੈ ਅਤੇ ਪੰਜਾਬ ਨੂੰ ਪੁਲਸ ਸਟੇਟ ਬਣਾਉਣ ਵੱਲ ਵੱਧ ਰਹੀ ਹੈ । ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਦਵਿੰਦਰ ਸਿੰਘ ਪੂਨੀਆਂ, ਸੁਰਿੰਦਰ ਸਿੰਘ ਖਾਲਸਾ, ਸ਼੍ਰੀਨਾਥ, ਬਲਵਿੰਦਰ ਸਿੰਘ,ਕੁਲਦੀਪ ਪਟਿਆਲਵੀ, ਅਰਵਿੰਦਰ ਕੌਰ ਕਾਕੜਾ, ਸਤਪਾਲ ਸਿੰਘ, ਜਸਪਾਲ ਕੌਰ,ਬਲਵਿੰਦਰ ਕਾਕਾ, ਜਸਦੀਪ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ ਖੁਰਮੀ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.