post

Jasbeer Singh

(Chief Editor)

Patiala News

ਬਰਸਾਤੀ ਪਾਣੀ ਵਧਣ ਕਰਕੇ ਪਿੰਡ ਲੋਹਸਿੰਬਲੀ ਤੋਂ ਊਂਟਸਰ ਵਾਲਾ ਰਸਤਾ ਕੀਤਾ ਬੰਦ

post-img

ਬਰਸਾਤੀ ਪਾਣੀ ਵਧਣ ਕਰਕੇ ਪਿੰਡ ਲੋਹਸਿੰਬਲੀ ਤੋਂ ਊਂਟਸਰ ਵਾਲਾ ਰਸਤਾ ਕੀਤਾ ਬੰਦ -ਅੰਬਾਲਾ ਤੋਂ ਆਉਣ ਵਾਲੇ ਰਾਹਗੀਰ ਲੋਹਸਿੰਬਲੀ ਤੋਂ ਕਪੂਰੀ-ਸਰਾਲਾ ਰਸਤੇ ਦੀ ਕਰ ਸਕਦੇ ਨੇ ਵਰਤੋਂ ਘਨੌਰ, (ਪਟਿਆਲਾ) 13 ਅਗਸਤ : ਅੰਬਾਲਾ ਤੋਂ ਪਿੰਡ ਲੋਹਸਿੰਬਲੀ ਰਸਤੇ ਪੰਜਾਬ ਆਉਣ ਵਾਲੇ ਰਾਹਗੀਰ ਜੋ ਕਿ ਅੱਗੇ ਸਰਹਿੰਦ-ਲੁਧਿਆਣਾ ਨੂੰ ਜਾਣ ਲਈ ਲੋਹਸਿੰਬਲੀ ਤੋਂ ਊਂਟਸਰ ਦਾ ਰਸਤਾ ਲੈਂਦੇ ਸਨ, ਉਸ ਰਸਤੇ ਉਪਰ ਬਰਸਾਤੀ ਪਾਣੀ ਵਧਣ ਕਰਕੇ ਇਸ ਰਸਤੇ ਨੂੰ ਥਾਣਾ ਘਨੌਰ ਦੀ ਪੁਲਿਸ ਵੱਲੋਂ ਲੋਹਸਿੰਬਲੀ ਤੋਂ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਹੈ । ਇਹ ਜਾਣਕਾਰੀ ਸਾਂਝੀ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਰਕੇ ਸ਼ੰਭੂ ਰਸਤਾ ਬੰਦ ਹੋਣ ਕਾਰਨ ਆਮ ਰਾਹਗੀਰ ਅੰਬਾਲਾ ਤੋਂ ਲੋਹਸਿੰਬਲੀ ਰਸਤੇ ਰਾਹੀਂ ਪੰਜਾਬ ਆ ਰਹੇ ਹਨ ਅਤੇ ਅੱਗੇ ਲੋਹਸਿੰਬਲੀ ਤੋਂ ਊਂਟਸਰ-ਸਮਸ਼ਪੁਰ ਦਾ ਰਸਤਾ ਲੁਧਿਆਣਾ ਵੱਲ ਨੂੰ ਜਾਣ ਵਾਸਤੇ ਵਰਤ ਰਹੇ ਸਨ, ਪਰੰਤੂ ਬੀਤੇ ਦੋ ਦਿਨ ਤੋਂ ਘੱਗਰ ਦੇ ਕੈਚਮੈਂਟ ਏਰੀਏ ਵਿੱਚ ਭਾਰੀ ਬਰਸਾਤ ਹੋਣ ਕਰਕੇ ਊਂਟਸਰ ਵਾਲੇ ਰਸਤੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਇਸ ਲਈ ਇਹ ਰਸਤਾ ਬੰਦ ਕਰਨਾ ਪਿਆ ਹੈ । ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਜ਼ਿਲ੍ਹਾ ਪ੍ਰਸ਼ਾਸਨ ਲਈ ਅਹਿਮ ਹੈ, ਇਸ ਲਈ ਕੋਈ ਵਾਹਨ ਇਸ ਰਸਤੇ ਉਪਰ ਨਾ ਲਿਜਾਇਆ ਜਾਵੇ। ਉਨ੍ਹਾਂ ਰਾਹਗੀਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋਹਸਿੰਬਲੀ ਤੋਂ ਊਂਟਸਰ ਦੀ ਬਜਾਇ ਕਪੂਰੀ-ਸਰਾਲਾ ਵਾਲੀ ਸੜਕ ਦੇ ਉਪਰ ਦੀ ਅੱਗੇ ਜਾ ਸਕਦੇ ਹਨ। ਜਲ ਨਿਕਾਸ ਵਿਭਾਗ ਦੇ ਐਕਸੀਅਨ ਰਾਜਿੰਦਰ ਘਈ ਨੇ ਕਿਹਾ ਹੈ ਕਿ ਭਾਵੇਂ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਪਾਣੀ ਦਾ ਪੱਧਰ ਘੱਟ ਸਕਦਾ ਹੈ ਪਰੰਤੂ ਲੋਕ ਅਜੇ ਇਸ ਰਸਤੇ ਦੀ ਵਰਤੋਂ ਕਰਨ ਤੋਂ ਪਰਹੇਜ ਕਰਨ। ਘਨੌਰ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਦੀ ਜਾਨ-ਮਾਲ ਦੀ ਰਾਖੀ ਲਈ ਪੁਲਿਸ ਨੇ ਮਿਤੀ 12 ਅਗਸਤ ਤੋਂ ਹੀ ਲੋਹਸਿੰਬਲੀ ਵਿਖੇ ਬੈਰੀਕੇਡ ਲਗਾ ਕੇ ਊਂਟਸਰ ਨੂੰ ਜਾਣ ਵਾਲਾ ਰਸਤਾ ਬੰਦ ਕੀਤਾ ਹੋਇਆ ਹੈ ।

Related Post