post

Jasbeer Singh

(Chief Editor)

Patiala News

ਬਰਸਾਤ ਦਾ ਮੌਸਮ ਸਿਰ ਤੇ ਘੱਗਰ ਦੀ ਸਫਾਈ ਤੇ ਬੰਨ੍ਹਾਂ ਨੂੰ ਲੈਕੇ ਪ੍ਰਬੰਧ ਠੁਸ

post-img

ਬਰਸਾਤ ਦਾ ਮੌਸਮ ਸਿਰ ਤੇ ਘੱਗਰ ਦੀ ਸਫਾਈ ਤੇ ਬੰਨ੍ਹਾਂ ਨੂੰ ਲੈਕੇ ਪ੍ਰਬੰਧ ਠੁਸ ਪਿੰਡ ਰਾਮਪੁਰ ਨੇੜੇ ਪਿਛਲੇ ਸਾਲ ਘੱਗਰ ਨਦੀ 'ਚ ਪਿਆ ਪਾੜ ਅੱਜ ਵੀ ਜਿਉਂ ਦਾ ਤਿਉਂ। ਕਿਸਾਨਾਂ ਦੀ ਧੜਕਣਾਂ ਵਧੀ ਨੇੜਲੇ ਪਿੰਡਾਂ ਦੇ ਜ਼ਿਮੀਂਦਾਰਾਂ ਨੇ ਘੱਗਰ 'ਚ ਪਏ ਪਾੜ ਨੂੰ ਭਰਨ ਦੀ ਸਰਕਾਰ ਤੋਂ ਕੀਤੀ ਮੰਗ ਘੱਗਰ ਨੇੜਲੇ ਕਿਸਾਨਾਂ ਨੇ ਉਸ ਸਮੇਂ ਡੀ.ਸੀ ਪਟਿਆਲਾ ਨੂੰ ਵੀ ਦਿੱਤੀ ਸੀ ਦਰਖਾਸਤ ਘਨੌਰ, 10 ਜੁਲਾਈ () ਹਰ ਸਾਲ ਆਉਣ ਵਾਲੇ ਹੜਾਂ ਦੇ ਪਾਣੀ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਜਿਸ ਦੀ ਨੀਵੇਂ ਪੱਧਰ ਵਾਲੇ ਏਰੀਏ ਵਿੱਚ ਜ਼ਿਆਦਾ ਮਾਰ ਪੈਂਦੀ ਹੈ। ਇਸ ਤਹਿਤ ਹੀ ਹਲਕਾ ਘਨੌਰ ਏਰੀਏ ਦੇ ਵਸਨੀਕਾਂ ਨੂੰ ਵੀ ਹੜਾਂ ਦੇ ਪਾਣੀ ਦੀ ਮਾਰ ਦਾ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਥੋਂ ਦੇ ਲੋਕ ਹਰ ਸਾਲ ਇਸ ਦੀ ਮਾਰ ਹੇਠ ਆਉਂਦੇ ਹਨ। ਜਿਨ੍ਹਾਂ ਦੀ ਫਸਲਾਂ, ਘਰ ਬਾਰ, ਡੰਗਰ ਪਸ਼ੂ, ਹਰਾ ਚਾਰਾ ਅਤੇ ਤੂੜੀ ਆਦਿ ਵਸਤੂਆਂ ਹੜਾਂ ਦੀ ਲਪੇਟ ਵਿਚ ਆ ਜਾਂਦੀਆਂ ਹਨ । ਪਿਛਲੇ ਸਾਲ ਇੰਨਾ ਦਿਨੀ ਆਏ ਹੜਾਂ ਨਾਲ ਘੱਗਰ ਦਰਿਆ ਦਾ ਬੰਨ ਪਿੰਡ ਰਾਮਪੁਰ ਨੇੜਿਓਂ ਟੁੱਟ ਗਿਆ ਸੀ। ਜਿਸ ਦੇ ਟੁੱਟ ਜਾਣ ਨਾਲ ਨੇੜਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ। ਅੱਜ ਘੱਗਰ ਨੇੜਲੇ ਜਿੰਮੀਦਾਰ ਕਰਮਜੀਤ ਸਿੰਘ ਨੰਬਰਦਾਰ ਚਮਾਰੂ, ਗੁਰਦੇਵ ਸਿੰਘ ਚਮਾਰੂ, ਦਰਸ਼ਨ ਸਿੰਘ ਚਮਾਰੂ, ਜਗਤਾਰ ਸਿੰਘ ਫੌਜੀ ਰਾਮਪੁਰ, ਪ੍ਰਦੀਪ ਸਿੰਘ, ਗੁਰਿੰਦਰ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਸਰਦੂਲ ਸਿੰਘ ਨੇ ਦੱਸਿਆ ਕਿ ਘੱਗਰ 'ਚ ਪਏ ਪਾੜ ਨੂੰ ਲਗਭਗ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਅੱਜ ਤੱਕ ਸਰਕਾਰ ਨੇ ਇਸ ਬੰਨ ਨੂੰ ਪੂਰਨ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਬੰਨ ਪਿਛਲੇ ਸਾਲ ਹੜਾਂ ਦੌਰਾਨ ਲਗਭਗ ਡੇਢ ਕਿੱਲੇ ਦੀ ਲੰਬਾਈ ਚੌੜਾਈ ਦੇ ਆਸ ਪਾਸ ਹੈ ਟੁੱਟ ਗਿਆ ਸੀ। ਇਸ ਦੀ ਮਾਰ ਨੇੜਲੇ ਪਿੰਡ ਰਾਮਪੁਰ, ਚਮਾਰੂ, ਕਾਮੀ ਖੁਰਦ ਆਦਿ ਪਿੰਡਾਂ ਨੂੰ ਪੈਂਦੀ ਹੈ। ਜਦੋਂ ਇਹ ਟੁੱਟਿਆ ਸੀ ਉਦੋਂ ਵੀ ਨੇੜਲੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਫਿਰ ਇੱਕ ਸਾਲ ਬਾਅਦ ਕਿਸਾਨਾਂ ਨੂੰ ਉਹੀ ਖਤਰਾ ਮੰਡਰਾ ਰਿਹਾ ਹੈ। ਕਿਉਂਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਸੰਬੰਧਤ ਵਿਭਾਗ ਅਤੇ ਸਰਕਾਰ ਨੇ ਹੁਣ ਤੱਕ ਇਸ ਪਾੜ ਨੂੰ ਬੰਦ ਕਰਨ ਦਾ ਸੋਚਿਆ ਤੱਕ ਨਹੀਂ। ਜਿਸ ਦੀ ਮਾਰ ਦਾ ਕਿਸਾਨਾਂ ਨੂੰ ਫਿਰ ਤੋਂ ਖਮਿਆਜ਼ਾ ਭੁਗਤਣ ਦਾ ਡਰ ਹੈ ਅਤੇ ਇਸ ਨੂੰ ਲੈਕੇ ਕਿਸਾਨਾਂ ਦੇ ਦਿਲਾਂ ਦੀ ਧੜਕਣਾਂ ਵਧੀਆ ਹੋਈਆਂ ਹਨ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ ਘੱਗਰ ਦੇ ਪਾਣੀ ਦੀ ਮਾਰ ਪਈ ਤਾਂ ਉਸ ਵਕਤ ਪੀੜਤ ਕਿਸਾਨਾਂ ਨੇ ਤਿੰਨ ਤਿੰਨ ਵਾਰ ਝੋਨੇ ਦੀ ਲਵਾਈ ਕੀਤੀ ਸੀ। ਕੁਝ ਕਿਸਾਨਾਂ ਨੂੰ ਤਾਂ ਮੌਕੇ ਤੇ ਪਨੀਰੀ ਨਾ ਮਿਲਣ ਕਰਕੇ ਉਹ ਫਸਲ ਲਾਉਣ ਤੋਂ ਬਾਂਝੇ ਰਹਿ ਗਏ ਸਨ। ਉਕਤ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਅਸੀਂ ਇਸ ਸਬੰਧੀ ਡੀਸੀ ਪਟਿਆਲਾ ਨੂੰ ਵੀ ਦਰਖਾਸਤ ਦਿੱਤੀ ਗਈ ਸੀ। ਅੱਜ ਜਿਸ ਕਿਸਾਨ ਦੀ ਜ਼ਮੀਨ ਵਿਚ ਘੱਗਰ ਦਾ ਪਾੜ ਪਿਆ ਹੋਇਆ ਹੈ, ਉਹ ਜ਼ਮੀਨ ਲਗਭਗ 2 ਕਿੱਲੇ ਅੱਜ ਵੀ ਖਾਲੀ ਪਈ ਹੈ। ਜਿਸ ਵਿਚ ਡੁੰਘੇ ਟੋਏ ਅਤੇ ਘੱਗਰ ਦਾ ਰੈਗਾ (ਮਿੱਟੀ) ਪਿਆ ਹੈ। ਜਿਸ ਦੀ ਕਿਸਾਨ ਨਾ ਵਰਤਣਯੋਗ ਕਰਕੇ ਮਾਰ ਝੱਲ ਰਿਹਾ ਹੈ। ਕੁਝ ਕਿਸਾਨਾਂ ਨੇ ਤਾਂ ਇਸ ਵਾਰ ਝੋਨੇ ਦੀ ਲਗਾਈ ਗਈ ਫਸਲ ਨੂੰ ਬਚਾਉਣ ਲਈ ਖੁਦ ਆਪ ਮਿੱਟੀ ਪਾ ਕੇ ਕੰਮ ਸਾਰਿਆ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਮੰਗ ਕਰਦਿਆਂ ਕਿਹਾ ਕਿ ਘੱਗਰ 'ਚ ਪਏ ਹੋਏ ਇਸ ਪਾੜ ਨੂੰ ਮਿੱਟੀ ਨਾਲ ਪੂਰਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੀ ਮੁਸੀਬਤ ਦਾ ਸਹਾਮਣਾ ਨਾ ਕਰਨਾ ਪਵੇ।

Related Post