

ਪੰਜਾਬੀ ਯੂਨੀਵਰਸਿਟੀ ਵਿਖੇ 'ਗਿਆਰਵਾਂ ਪੁਸਤਕ ਮੇਲਾ' ਸ਼ੁਰੂ -90 ਵੱਖ-ਵੱਖ ਸਟਾਲ ਉੱਤੇ ਵੱਖ-ਵੱਖ ਵੰਨਗੀਆਂ ਦੀਆਂ ਪੁਸਤਕਾਂ ਹਨ ਉਪਲਬਧ ਪਟਿਆਲਾ, 1 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਵਿਖੇ 'ਗਿਆਰਵਾਂ ਪੁਸਤਕ ਮੇਲਾ' ਅੱਜ ਸ਼ੁਰੂ ਹੋ ਗਿਆ ਹੈ । ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਲਗਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਵੱਲੋਂ ਕੀਤਾ ਗਿਆ । ਪਬਲੀਕੇਸ਼ਨ ਬਿਊਰੋ ਦੀ ਸਟਾਲ ਉੱਤੇ ਰਿਬਨ ਕੱਟ ਕੇ ਉਦਘਾਟਨ ਦੀ ਰਸਮ ਕੀਤੀ ਗਈ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਪੁਸਤਕ ਮੇਲੇ ਨੇ ਪਿਛਲੇ ਦਸ ਸਾਲਾਂ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ । ਉਨ੍ਹਾਂ ਕਿਹਾ ਕਿ ਵੱਖ-ਵੱਖ ਇਲਾਕਿਆਂ ਦੇ ਪਾਠਕ ਇਸ ਮੇਲੇ ਦੀ ਬਹੁਤ ਤੀਬਰਤਾ ਨਾਲ਼ ਪੂਰਾ ਸਾਲ ਉਡੀਕ ਕਰਦੇ ਹਨ ਅਤੇ ਇਸ ਮੇਲੇ ਵਿੱਚੋਂ ਪੁਸਤਕਾਂ ਖਰੀਦਣ ਲਈ ਪਹੁੰਚਦੇ ਹਨ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਪੁਸਤਕ ਮੇਲੇ ਦਾ ਆਪਣਾ ਇੱਕ ਵੱਖਰਾ ਅਤੇ ਵੱਕਾਰੀ ਮਹੱਤਵ ਹੈ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਿਛਲੇ ਦਸ ਸਾਲਾਂ ਤੋਂ ਇਸ ਮੇਲੇ ਦੀ ਲਗਾਤਾਰਤਾ ਨੂੰ ਬਣਾ ਕੇ ਰੱਖਿਆ ਗਿਆ ਹੈ ਤਾਂ ਕਿ ਪਾਠਕ ਇਸ ਤੋਂ ਲਾਭ ਲੈ ਸਕਣ । ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ, ਭਾਸ਼ਾਵਾਂ, ਖੇਤਰਾਂ ਆਦਿ ਨਾਲ਼ ਸਬੰਧਤ ਦੁਨੀਆਂ ਭਰ ਦੀਆਂ ਚੰਗੀਆਂ ਪੁਸਤਕਾਂ ਉੱਪਲਬਧ ਹੁੰਦੀਆਂ ਹਨ । ਉਦਘਾਟਨੀ ਰਸਮ ਮੌਕੇ ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ । ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪੱਪੂ ਸਿੰਘ, ਸਹਾਇਕ ਰਜਿਸਟਰਾਰ ਨੇ ਦੱਸਿਆ ਕਿ ਪੰਜ ਦਿਨ ਚੱਲਣ ਵਾਲ਼ੇ ਇਸ ਪੁਸਤਕ ਮੇਲੇ ਵਿੱਚ ਇਸ ਵਾਰ ਪੁਸਤਕਾਂ ਦੀ ਵਿੱਕਰੀ ਨਾਲ਼ ਸਬੰਧਤ 90 ਸਟਾਲ ਹਨ । ਇਸ ਤੋਂ ਇਲਾਵਾ 10 ਸਟਾਲ ਖਾਣ-ਪੀਣ ਦੇ ਸਮਾਨ ਨਾਲ਼ ਸਬੰਧਤ ਅਤੇ 15 ਸਟਾਲ ਵੱਖ-ਵੱਖ ਕਲਾਤਮਿਕ ਮਹੱਤਵ ਵਾਲ਼ੇ ਸਮਾਨ ਦੀ ਵਿੱਕਰੀ ਨਾਲ਼ ਸਬੰਧਤ ਹਨ ।