
ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਐਨਫੋਰਸਮੈਂਟ ਨੇ ਮਾਰੇ 8 ਥਾਵਾਂ ਤੇ ਛਾਪੇ
- by Jasbeer Singh
- October 29, 2024

ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਐਨਫੋਰਸਮੈਂਟ ਨੇ ਮਾਰੇ 8 ਥਾਵਾਂ ਤੇ ਛਾਪੇ ਬੰਗਲੁਰੂ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਮੁੱਡਾ) ਦੇ ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧਤ ਅੱਠ ਥਾਵਾਂ ’ਤੇ ਛਾਪੇ ਮਾਰੇ। ਈ. ਡੀ. ਨੇ ਇਸ ਮਾਮਲੇ ਵਿਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰਾਂ ’ਤੇ ਕੇਸ ਦਰਜ ਕੀਤਾ ਹੋਇਆ ਹੈ । ਸੂਤਰਾਂ ਨੇ ਦੱਸਿਆ ਕਿ ਈਡੀ ਨੇ ਬੰਗਲੁਰੂ ਅਤੇ ਮੈਸੂਰ ਵਿੱਚ ਲਗਪਗ ਸੱਤ ਤੋਂ ਅੱਠ ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਬੰਗਲੁਰੂ ਵਿੱਚ ਇੱਕ ਬਿਲਡਰ ਅਤੇ ਉਸ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ਤੇ ਕਾਰੋਬਾਰਾਂ ’ਤੇ ਮਾਰੇ ਗਏ। ਈ. ਡੀ. ਨੇ ਇਸ ਮਾਮਲੇ ਵਿੱਚ 18 ਅਕਤੂਬਰ ਨੂੰ ਵੀ ਛਾਪੇ ਮਾਰੇ ਸਨ । ਉਸ ਵੇਲੇ ਮੈਸੂਰ ਵਿੱਚ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁੱਡਾ) ਦੇ ਦਫ਼ਤਰ ਅਤੇ ਕੁਝ ਹੋਰ ਥਾਵਾਂ ਦੀ ਤਲਾਸ਼ੀ ਲਈ ਗਈ ਸੀ । ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਵੱਲੋਂ ਸਸਤੇ ਭਾਅ ਜ਼ਮੀਨ ਅਲਾਟ ਕਰਨ ਸਬੰਧੀ ਸਮਾਜਿਕ ਕਾਰਕੁਨ ਸਨੇਹਾਮਈ ਕ੍ਰਿਸ਼ਨਾ ਨੇ ਈਡੀ ਨੂੰ ਅੱਜ ਵੀਡੀਓ ਸਬੂਤ ਸੌਂਪੇ । ਸ਼ਿਕਾਇਤਕਰਤਾਵਾਂ ਵਿਚੋਂ ਇਕ ਕ੍ਰਿਸ਼ਨਾ ਨੇ ਈ. ਡੀ. ਸਾਹਮਣੇ ਪੇਸ਼ ਹੋ ਕੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਕ੍ਰਿਸ਼ਨਾ ਨੇ ਕਿਹਾ ਕਿ ਵੀਡੀਓ ਵਿਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਵਾਹਨ ਦੀ ਪਿਛਲੀ ਸੀਟ ’ਤੇ ਨੋਟਾਂ ਦੇ ਬੰਡਲ ਗਿਣੇ ਜਾ ਰਹੇ ਹਨ ਜਦੋਂ ਕਿ ਅਗਲੀ ਸੀਟ ’ਤੇ ਬੈਠੇ ਵਿਅਕਤੀ ਨਾਲ ਗੱਲਬਾਤ ਹੋ ਰਹੀ ਹੈ। ਇਸ ਗੱਲਬਾਤ ਵਿੱਚ 25 ਲੱਖ ਰੁਪਏ ਦੀ ਰਕਮ ਦਾ ਸਪਸ਼ਟ ਜ਼ਿਕਰ ਕੀਤਾ ਗਿਆ ਹੈ ।