
ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਅਤੇ ਸਾਥੀਆਂ ਨੂੰ ਲਿਆ ਹਿਰਾਸਤ ਵਿਚ
- by Jasbeer Singh
- October 1, 2024

ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਅਤੇ ਸਾਥੀਆਂ ਨੂੰ ਲਿਆ ਹਿਰਾਸਤ ਵਿਚ ਨਵੀਂ ਦਿੱਲੀ : ਲੱਦਾਖ਼ ਲਈ ਵਧੇਰੇ ਹੱਕਾਂ ਵਾਸਤੇ ਅੰਦੋਲਨ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੇਹ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਦੇ ਸਮੇਂ ਸਿੰਘੂ ਬਾਰਡਰ ਉਤੇ ਰੋਕ ਕੇ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਮੰਗਲਵਾਰ ਨੂੰ ਪੁਲੀਸ ਥਾਣੇ ਵਿਚ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹ ਲੱਦਾਖ਼ ਨੂੰ ਸੰਵਿਧਾਨ ਦੀ ਛੇਵੀਂ ਪੱਟੀ ਵਿਚ ਸ਼ਾਮਲ ਕਰਨ ਦੀ ਮੰਗ ਉਤੇ ਜ਼ੋਰ ਦੇਣ ਲਈ ਪੈਦਲ ਮਾਰਚ ਉਤੇ ਨਿਕਲੇ ਹੋਏ ਹਨ।ਉਨ੍ਹਾਂ ਦੀ ਇਹ ‘ਦਿੱਲੀ ਚਲੋ ਪਦਯਾਤਰਾ’ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ। ਸੋਮਵਾਰ ਰਾਤ ਯਾਤਰਾ ਨੂੰ ਸਿੰਘੂ ਬਾਰਡਰ ’ਤੇ ਦਿੱਲੀ ਵਿਚ ਦਾਖ਼ਲ ਹੋਣ ਉਤੇ ਵਾਂਗਚੁਕ ਤੇ ਉਨ੍ਹਾਂ ਦੇ ਕਰੀਬ 120 ਸਾਥੀਆਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਇਹ ਮਾਰਚ ਲੇਹ ਅਪੈਕਸ ਬਾਡੀ (ਐੱਲਏਬੀ) ਵੱਲੋਂ ਕਾਰਗਿਲ ਡੈਮੋਕ੍ਰੈਟਿਕ ਅਲਾਇੰਸ (ਕੇਡੀਏ) ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ।