
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਅੱਗੇ ਹਰ ਸਿੱਖ ਸਿਰ ਝੁਕਾਉੰਦਾ ਹੈ : ਸਰਨਾ
- by Jasbeer Singh
- October 16, 2024

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਅੱਗੇ ਹਰ ਸਿੱਖ ਸਿਰ ਝੁਕਾਉੰਦਾ ਹੈ : ਸਰਨਾ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਅੱਗੇ ਹਰ ਸਿੱਖ ਸਿਰ ਝੁਕਾਉੰਦਾ ਹੈ । ਜੋ ਵੀ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਉਂਦਾ ਹੈ । ਉਸਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹਰਿਆਵਲ ਦਸਤੇ ਵਾਂਗ ਸੇਵਾ ਨਿਭਾਈ ਹੈ । ਵਿਰਸਾ ਸਿੰਘ ਵਲਟੋਹਾ ਬਾਰੇ ਜੋ ਆਦੇਸ਼ ਆਇਆ ਹੈ । ਉਹ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਵੇਲੇ ਮੰਨਿਆ ਹੈ ਸਗੋਂ ਵਿਰਸਾ ਸਿੰਘ ਵਲਟੋਹਾ ਨੇ ਸਿਰ ਝੁਕਾਉਂਦੇ ਹੋਏ ਆਪਣੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਹੈ ਪਰ ਜੋ ਹਾਲਤ ਸਿੱਖ ਕੌਮ ਅੰਦਰ ਬਣੇ ਹੋਏ ਹਨ । ਇਹ ਬਹੁਤ ਗੰਭੀਰ ਹਨ । ਇਸ ਲਈ ਅੱਜ ਸਮੁੱਚੀ ਕੌਮ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਹੈ । ਇਸ ਤੋਂ ਇਲਾਵਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਆ ਰਹੀ ਹੈ । ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਇਹ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਉਹ ਇਸ ਮੌਕੇ ਸ. ਹਰਜਿੰਦਰ ਸਿੰਘ ਧਾਮੀ ਵਰਗੇ ਪੰਥ ਪ੍ਰਸਤ ਤੇ ਸੁਲਝੇ ਹੋਏ ਇਨਸਾਨ ਦੀ ਖੁਲ੍ਹਕੇ ਮੱਦਦ ਕਰਨ ਕਿਉਂਕਿ ਅਜਿਹੇ ਮੌਕੇ ਸਿੱਖ ਰਹਿਤ ਮਰਿਯਾਦਾ ਨੂੰ ਸਮਝਣ ਤੇ ਮੰਨਣ ਵਾਲੇ ਇਨਸਾਨ ਦਾ ਚੁਣਿਆ ਜਾਂਦਾ ਬਹੁਤ ਜ਼ਰੂਰੀ ਹੈ । ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਹੀ ਬਚਾਉਣ ਦਾ ਵੇਲਾ ਹੈ । ਕਿਉਂਕਿ ਪੰਥ ਵਿਰੋਧੀ ਤਾਕਤਾਂ ਦਾ ਇਸ ਵਕਤ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਪੰਥ ਦੀਆਂ ਇਹਨਾਂ ਦੋਹਾਂ ਧਰੋਹਰਾਂ ਨੂੰ ਖਤਮ ਕਰ ਦਿੱਤਾ ਜਾਵੇ । ਪਰ ਖ਼ਾਲਸਾ ਪੰਥ ਦੇ ਹਰ ਚੇਤੰਨ ਹਿੱਸੇ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਮੌਕੇ ਅਸੀ ਪੰਥ ਦੀਆਂ ਇਹਨਾਂ ਦੋਵਾਂ ਨੁਮਾਇੰਦਾ ਜਮਾਤਾਂ ਨੂੰ ਬਚਾਉਣ ਲਈ ਇਕਜੁਟ ਹੋਈਏ।