
ਪੰਜਾਬੀ ਯੂਨੀਵਰਸਿਟੀ ਵਿਖੇ ਆਫ਼ਤ ਪ੍ਰਬੰਧਨ ਬਾਰੇ 'ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਸ਼ੁਰੂ
- by Jasbeer Singh
- October 7, 2024

ਪੰਜਾਬੀ ਯੂਨੀਵਰਸਿਟੀ ਵਿਖੇ ਆਫ਼ਤ ਪ੍ਰਬੰਧਨ ਬਾਰੇ 'ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਸ਼ੁਰੂ -'ਨੈਸ਼ਨਲ ਇੰਸਚੀਚੂਟ ਆਫ਼ ਡਿਜ਼ਾਸਟਰ ਮੈਨੇਜਮੈਂਟ' ਵੱਲੋਂ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ ਪੰਜ ਦਿਨਾ ਪ੍ਰੋਗਰਾਮ ਪਟਿਆਲਾ : ਆਫ਼ਤ ਪ੍ਰਬੰਧਨ ਸੰਬੰਧੀ ਭਾਰਤ ਸਰਕਾਰ ਦੇ ਕੌਮੀ ਅਦਾਰੇ 'ਨੈਸ਼ਨਲ ਇੰਸਚੀਚੂਟ ਆਫ਼ ਡਿਜ਼ਾਸਟਰ ਮੈਨੇਜਮੈਂਟ' ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਪੰਜ ਦਿਨਾ 'ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਸ਼ੁਰੂ ਹੋ ਗਿਆ ਹੈ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਨਾਲ਼ ਅਧਿਆਪਕਾਂ ਦੀ ਸਮਰਥਾ, ਗਿਆਨ ਅਤੇ ਹੁਨਰ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰ ਨੇ ਸਾਨੂੰ ਸਿਖਾਇਆ ਹੈ ਕਿ ਆਫ਼ਤ ਪ੍ਰਬੰਧਨ ਦੇ ਹੁਨਰ ਦੀ ਕਿੰਨੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਹਰੇਕ ਸਥਿਤੀ ਵਿੱਚ ਇਲਾਜ ਨਾਲ਼ੋਂ ਪਰਹੇਜ਼ ਹਮੇਸ਼ਾ ਹੀ ਬਿਹਤਰ ਹੁੰਦਾ ਹੈ । ਐੱਨ. ਆਈ. ਡੀ. ਐੱਮ. ਤੋਂ ਪੁੱਜੇ ਜੀ. ਆਈ. ਡੀ. ਆਰ. ਆਰ. ਦੇ ਮੁਖੀ ਡਾ. ਅਜਿੰਦਰ ਵਾਲੀਆ ਨੇ ਇਸ ਮੌਕੇ ਬੋਲਦਿਆਂ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਆਫ਼ਤ ਪ੍ਰਬੰਧਨ ਦੇ ਵਿਸ਼ੇ ਨੂੰ ਉਚੇਰੀ ਸਿੱਖਿਆ ਦੇ ਸਾਰੇ ਅਦਾਰਿਆਂ ਵਿੱਚ ਵਿਸ਼ੇ ਵਜੋਂ ਪ੍ਹੜਾਏ ਜਾਣ ਸੰਬੰਧੀ ਕਦਮ ਉਠਾਏ ਜਾ ਰਹੇ ਹਨ ਅਤੇ ਇਸ ਨਾਲ਼ ਸੰਬੰਧਤ ਅਕਾਦਮਿਕ ਖੋਜ ਕਾਰਜ ਉਲੀਕੇ ਅਤੇ ਕਰਵਾਏ ਜਾ ਰਹੇ ਹਨ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਆਫ਼ਤ ਪ੍ਰਬੰਧਨ ਦੇ ਬੁਨਿਆਦੀ ਨੇਮਾਂ ਅਤੇ ਲੋੜ ਪੈਣ ਉੱਤੇ ਉਠਾਏ ਜਾ ਸਕਣ ਵਾਲ਼ੇ ਮੁੱਢਲੇ ਕਦਮਾਂ ਬਾਰੇ ਪਤਾ ਹੋਣਾ ਬਹੁਤ ਹੀ ਕਾਰਗਰ ਸਿੱਧ ਹੁੰਦਾ ਹੈ। ਇਸ ਲਈ ਸਿੱਖਿਆ ਅਦਾਰਿਆਂ ਵਿੱਚ ਇਸ ਸੰਬੰਧੀ ਸਿਖਲਾਈ ਦਿੱਤੀ ਜਾਣੀ ਜ਼ਰੂਰੀ ਹੈ । ਹਰਜੋਤ ਵਾਲੀਆ ਵੱਲੋਂ ਸੰਬੋਧਨ ਕਰਦਿਆਂ ਐੱਨ. ਡੀ. ਆਰ. ਐੱਫ. ਦੀ ਸਥਾਪਨਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਇਸ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ । ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਵਿਸ਼ੇ ਨਾਲ਼ ਸੰਬੰਧਤ ਡਿਜੀਟਲ ਅਕਾਦਮਿਕ ਸਮੱਗਰੀ ਦੇ ਨਿਰਮਾਣ ਬਾਰੇ ਪ੍ਰੋੜਤਾ ਕਰਦਿਆਂ ਆਪਣੇ ਵਿਭਾਗ ਵਿਖੇ ਉਪਲਬਧ ਸਰੋਤਾਂ ਬਾਰੇ ਜਾਣਕਾਰੀ ਦਿੱਤੀ । ਪ੍ਰੋਗਰਾਮ ਡਾਇਰੈਕਟਰ ਡਾ. ਨਿੰਮੀ ਜਿੰਦਲ ਵੱਲੋਂ ਇਸ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਬਿਆਨ ਕਰਦਿਆਂ ਇਸ ਵਿਸ਼ੇ ਦੀ ਲੋੜ ਅਤੇ ਮਹੱਤਵ ਬਾਰੇ ਦੱਸਿਆ ਗਿਆ ।