post

Jasbeer Singh

(Chief Editor)

Punjab

ਝੋਨੇ ਅਤੇ ਬਾਸਮਤੀ ਵਿੱਚ ਖਾਦਾਂ ਅਤੇ ਪਾਣੀ ਦੀ ਸੰਤੁਲਿਤ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ

post-img

ਝੋਨੇ ਅਤੇ ਬਾਸਮਤੀ ਵਿੱਚ ਖਾਦਾਂ ਅਤੇ ਪਾਣੀ ਦੀ ਸੰਤੁਲਿਤ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਪਿੰਡ ਭੱਟੀਵਾਲ ਖੁਰਦ ਵਿਖੇ ਲਾਇਆ ਕੈਂਪ ਝੋਨੇ ਦੀ ਫਸਲ ਤੋਂ ਚੰਗਾ ਝਾੜ ਲਾਣ ਲਈ ਖੁਰਾਕੀ ਨੁਕਤੇ ਸਾਂਝੇ ਕੀਤੇ ਭਵਾਨੀਗੜ੍ਹ, 20 ਜੂਨ : ਝੋਨੇ ਦੀ ਲੁਆਈ ਦਾ ਕੰਮ ਸਾਰੇ ਪੰਜਾਬ ਵਿੱਚ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਕਿਸਾਨ ਝੋਨੇ ਦੀ ਲੁਆਈ ਅਤੇ ਚੰਗੇ ਝਾੜ ਲਈ ਖਾਦਾਂ ਦੀ ਵਰਤੋਂ ਬਾਰੇ ਅਕਸਰ ਹੀ ਜਾਣਨਾ ਚਾਹੁੰਦੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜ਼ਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਪਿੰਡ ਭੱਟੀਵਾਲ ਖੁਰਦ ਵਿਖੇ ਝੋਨੇ ਅਤੇ ਬਾਸਮਤੀ ਵਿੱਚ ਖਾਦਾਂ ਦੀ ਸੰਜਮ ਨਾਲ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ ਲਗਾਇਆ । ਕੈਂਪ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਮੁਖੀ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਸਾਰੇ ਕਿਸਾਨਾਂ ਨੂੰ ਸਵਾਗਤੀ ਸ਼ਬਦ ਕਹਿਣ ਤੋਂ ਬਾਅਦ ਝੋਨੇ ਦੀ ਫਸਲ ਤੋਂ ਚੰਗਾ ਝਾੜ ਲਾਣ ਲਈ ਖੁਰਾਕੀ ਨੁਕਤੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਯੂਰੀਆ ਖਾਦ ਦੀ ਵਰਤੋਂ ਝੋਨੇ ਅਤੇ ਬਾਸਮਤੀ ਦੀ ਕਿਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮਿੱਟੀ ਪਰਖ ਦੇ ਅਧਾਰ ਤੇ ਕਰਨੀ ਚਾਹੀਦੀ ਹੈ । ਪੀ. ਆਰ. ਦੀਆਂ ਕਿਸਮਾਂ ਨੂੰ ਮਿੱਟੀ ਵਿੱਚ ਦਰਮਿਆਨੇ ਜੈਵਿਕ ਕਾਰਬਨ ਦੀ ਸਥਿਤੀ ਵਿੱਚ ਕੇਵਲ 90 ਕਿਲੋ ਯੂਰੀਆ ਪ੍ਰਤੀ ਏਕੜ ਹੀ ਤਿੰਨ ਬਰਾਬਰ ਕਿਸ਼ਤਾਂ ਵਿੱਚ ਭਾਵ ਲੁਆਈ ਤੋਂ 7, 21 ਅਤੇ 42 ਦਿਨਾਂ ਤੱਕ ਪਾ ਕੇ ਚੰਗਾ ਝਾੜ ਲਿਆ ਜਾ ਸਕਦਾ ਹੈ । ਨਵੀਂ ਕਿਸਮ ਪੀ.ਆਰ.132 ਨੂੰ ਕੇਵਲ ਡੇਢ ਥੈਲਾ ਯੂਰੀਆ ਹੀ ਪਾਉਣਾ ਹੈ। ਪੀ.ਆਰ. 126 ਕਿਸਮ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਲੁਆਈ ਤੋਂ 7, 21 ਅਤੇ 35 ਦਿਨਾਂ ਤੱਕ ਯੂਰੀਆ ਖਾਦ ਪੂਰੀ ਕਰ ਦੇਣੀ ਚਾਹੀਦੀ ਹੈ । ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਜ਼ਿੰਕ ਦੀ ਘਾਟ ਦੇ ਲੱਛਣਾਂ ਅਤੇ ਉਸਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਪੂਰੀ ਸਿਫਾਰਸ਼ ਕੀਤੀ ਮਾਤਰਾ ਪਾਉਣ ਲਈ ਪ੍ਰੇਰਿਆ। ਸਿੰਚਾਈ ਵਾਲੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਕਿਸਾਨਾਂ ਨੂੰ ਵੱਖੋ-ਵੱਖ ਢੰਗਾਂ ਨਾਲ ਪਾਣੀ ਲਾਉਣ ਦੀ ਸਲਾਹ ਵੀ ਦਿੱਤੀ ਗਈ, ਜਿਸ ਨਾਲ ਸਿੰਚਾਈ ਵਾਲੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ । ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਟਿਊਬਵੈੱਲ ਦੇ ਪਾਣੀ ਨੂੰ ਪਰਖ ਕਰਵਾਉਣ ਲਈ ਜਾਗਰੂਕ ਕਰਦੇ ਹੋਏ ਨਮੂਨੇ ਲੈਣ ਦੇ ਢੰਗ ਬਾਰੇ ਦੱਸਿਆ। ਝੋਨੇ ਦੀ ਸਿੱਧੀ ਬਿਜਾਈ ਅਤੇ ਝੋਨੇ ਦੇ ਵੱਖੋ-ਵੱਖ ਪੱਖਾਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਅੰਤ ਵਿੱਚ ਸਾਰੇ ਕਿਸਾਨਾਂ ਵੱਲੋਂ ਉਠਾਏ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਦਿੱਤੇ ਗਏ । ਕੈਂਪ ਦੌਰਾਨ ਸ. ਗੁਰਮੀਤ ਸਿੰਘ, ਸ. ਜਸਪਾਲ ਸਿੰਘ, ਸ. ਸਤਿਗੁਰ ਸਿੰਘ, ਸ. ਹਰਦੀਪ ਸਿੰਘ, ਸ. ਬਲਜੀਤ ਸਿੰਘ ਅਤੇ ਹੋਰ ਕਿਸਾਨ ਸ਼ਾਮਲ ਸਨ।

Related Post