post

Jasbeer Singh

(Chief Editor)

Latest update

ਕਿਸਾਨਾਂ ਨੇ ਖੁੱਡੀਆਂ ਦੇ ਪੁੱਤਰ ਨੂੰ ਫ਼ਸਲਾਂ ਦੇ ਮੁਆਵਜ਼ੇ ਸਬੰਧੀ ਪੁੱਛੇ ਸਵਾਲ

post-img

ਇੱਥੇ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਸੁਮੀਤ ਖੁੱਡੀਆਂ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਗੋਨਿਆਣਾ ਬਲਾਕ ਵਿੱਚ ਪੈਂਦੇ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਸਿਵੀਆਂ, ਮਹਿਮਾ ਸਵਾਈ ਆਦਿ ਦਾ ਦੌਰਾ ਕਰਕੇ ਆਪਣੇ ਪਿਤਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੀ ਸਰਗਰਮ ਰਹੀਆਂ। ਪਿੰਡ ਮਹਿਮਾ ਸਰਜਾ ਵਿੱਚ ਜਦੋਂ ਵਰਕਰ ਮਿਲਣੀ ਮਗਰੋਂ ਸੁਮੀਤ ਇੱਕ ਘਰ ’ਚੋਂ ਬਾਹਰ ਨਿਕਲੇ ਤਾਂ ਉਹ ਉਨ੍ਹਾਂ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਉਗਰਾਹਾਂ ਦੇ ਵਰਕਰਾਂ ਨੂੰ ਮਿਲੇ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਬਲਾਕ ਸਕੱਤਰ ਗੁਰਦੀਪ ਸਿੰਘ ਮਹਿਮਾ ਸਰਜਾ, ਰਣਜੀਤ ਸਿੰਘ ਜੀਦਾ, ਅੰਗਰੇਜ਼ ਸਿੰਘ ਗੇਜਾ ਵੱਲੋਂ ਖੇਤਰ ਵਿੱਚ ਗੜਿਆਂ ਕਾਰਨ ਨੁਕਸਾਨੀਆਂ ਫ਼ਸਲਾਂ ਸਣੇ ਹੋਰ ਕਿਸਾਨੀ ਮੰਗਾਂ ਸਬੰਧੀ ਸਵਾਲ ਪੁੱਛੇ ਗਏ। ਕਿਸਾਨ ਧਿਰਾਂ ਨੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਵਿਰੋਧ ਕਰਦਿਆਂ ਕਿਹਾ ਕਿ ਗੜਿਆਂ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੀ ਗਿਰਦਾਵਰੀ ਕਰਾਉਣੀ ਤਾਂ ਦੂਰ ਦੀ ਗੱਲ ਵਿਧਾਇਕ ਨੇ ਖੇਤਰ ਵਿੱਚ ਗੇੜਾ ਵੀ ਨਹੀਂ ਮਾਰਿਆ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਏਕੜ 30 ਹਜ਼ਾਰ ਦੇ ਕਰੀਬ ਮੁਆਵਜ਼ਾ ਦਿੱਤਾ ਜਾਵੇ। ਸੁਮੀਤ ਖੁੱਡੀਆਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਪਿਤਾ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲ ਕੇ ਪੰਜਾਬ ਸਰਕਾਰ ਤੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕਰਨਗੇ।

Related Post