post

Jasbeer Singh

(Chief Editor)

Punjab, Haryana & Himachal

ਪਰਾਲੀ ਨਾ ਸਾੜਨ ਵਾਲੇ 6 ਪਿੰਡਾਂ ਦੇ ਕਿਸਾਨ ਸਨਮਾਨਿਤ

post-img

ਪਰਾਲੀ ਨਾ ਸਾੜਨ ਵਾਲੇ 6 ਪਿੰਡਾਂ ਦੇ ਕਿਸਾਨ ਸਨਮਾਨਿਤ ਮੋਗਾ, 7 ਨਵੰਬਰ : ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਪਰਾਲੀ ਦੀਆਂ ਘਟਨਾਵਾਂ ਉੱਪਰ ਠੱਲ ਪਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ । ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਉੱਪਰ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਇਸਦੇ ਨਾਲ ਨਾਲ ਪਰਾਲੀ ਨੂੰ ਸਾੜਨ ਦੀ ਬਿਜਾਏ ਇਸਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਹਨਾਂ ਉਪਰਾਲਿਆਂ ਦੀ ਲੜੀ ਤਹਿਤ ਐਸ ਡੀ ਐਮ ਨਿਹਾਲ ਸਿੰਘ ਵਾਲਾ ਸਵਾਤੀ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 6 ਪਿੰਡਾਂ ਦੇ ਕਿਸਾਨਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ। ਪਿੰਡ ਖੋਟੇ, ਪੱਤੋ ਹੀਰਾ ਸਿੰਘ, ਰੌਂਤਾ, ਗਾਜੀਆਣਾ, ਬੌਡੇ ਅਤੇ ਤਖ਼ਤੂਪੁਰਾ ਸਾਹਿਬ ਦੇ ਕਿਸਾਨ ਇਹਨਾਂ ਵਿੱਚ ਸ਼ਾਮਿਲ ਹਨ। ਐਸ ਡੀ ਐਮ ਵੱਲੋਂ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਨੂੰ ਪੌਦੇ, ਮਠਿਆਈ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ । ਉਹਨਾਂ ਦੱਸਿਆ ਕਿ ਉਹ ਪਹਿਲਾਂ ਵੀ ਪੰਚਾਇਤਾਂ ਅਤੇ ਸੰਬੰਧਤ ਅਧਿਕਾਰੀਆਂ ਨਾਲ ਅਣਥੱਕ ਮਿਹਨਤ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਮੀਟਿੰਗਾਂ ਕਰ ਚੁੱਕੇ ਹਨ, ਇਸ ਤਰਾਂ ਦੇ ਰੁਝਾਨ ਆਉਣਾ ਉਹਨਾਂ ਮੀਟਿੰਗਾਂ ਦੇ ਨਤੀਜੇ ਹਨ । ਉਹਨਾਂ ਕਿਹਾ ਕਿ ਉਹ ਹਰ ਦਿਨ 3-3 ਕਿਸਾਨਾਂ ਨੂੰ ਸਨਮਾਨਿਤ ਕਰ ਰਹੇ ਹਨ । ਉਹਨਾਂ ਇਹ ਵੀ ਕਿਹਾ ਕਿ ਉਹ ਖੁਦ ਅਗਲੇ 15 ਦਿਨ ਰੋਜ਼ਾਨਾ ਅਜਿਹੇ ਕਿਸਾਨਾਂ ਦਾ ਸਨਮਾਨ ਕਰਨਗੇ ਜਿਹੜੇ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀ ਕਰ ਰਹੇ ਹਨ । ਉਹਨਾਂ ਦੱਸਿਆ ਕਿ ਅਜਿਹੇ ਕਿਸਾਨ ਜਿਹੜੇ ਵਾਤਾਵਰਨ ਨੂੰ ਪਿਆਰ ਕਰਦੇ ਹਨ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਹ ਆਪਣੀ ਧਰਤੀ ਮਾਤਾ ਅਤੇ ਵਾਤਾਵਰਨ ਸ਼ੁੱਧਤਾ ਲਈ ਵਡਮੁੱਲਾ ਯੋਗਦਾਨ ਦੇ ਰਹੇ ਹਨ । ਐਸ ਡੀ ਐਮ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ। ਜੇਕਰ ਕਿਸੇ ਵੀ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਜਰੂਰਤ ਹੈ ਜਾਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੁੰਦੇ ਹਨ ਉਹਨਾਂ ਲਈ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਜਿਸਦੇ ਨੰਬਰਾਂ ਤੋਂ ਕਿਸਾਨ ਘਰ ਬੈਠੇ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।

Related Post