post

Jasbeer Singh

(Chief Editor)

Patiala News

ਕਿਸਾਨਾਂ ਦੀ ਤੜਕੇ ਦੋ ਵਜੇ ਹੋਈ ਰਿਹਾਈ ; ਡੱਲੇਵਾਲ ਨੇ ਮਰਨ ਵਰਤ ਦੇ 124ਵੇਂ ਦਿਨ ਪੀਤਾ ਪਾਣੀ ਅਤੇ ਲਈ ਮੈਡੀਕਲ ਸਹਾਇਤਾ

post-img

ਕਿਸਾਨਾਂ ਦੀ ਤੜਕੇ ਦੋ ਵਜੇ ਹੋਈ ਰਿਹਾਈ ; ਡੱਲੇਵਾਲ ਨੇ ਮਰਨ ਵਰਤ ਦੇ 124ਵੇਂ ਦਿਨ ਪੀਤਾ ਪਾਣੀ ਅਤੇ ਲਈ ਮੈਡੀਕਲ ਸਹਾਇਤਾ ਪਟਿਆਲਾ : ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਮੁੱਚੇ ਕਿਸਾਨਾਂ ਦੀ ਜਿਥੇ ਅੱਜ ਤੜਕੇ 2 ਵਜੇ ਰਿਹਾਈ ਹੋਈ ਤੋਂ ਬਾਅਦ ਆਪਣੇ ਮਰਨ ਵਰਤ ਦੇ 124ਵੇਂ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀਤਾ ਅਤੇ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ । ਇਸ ਸਮੇਂ ਜਗਜੀਤ ਸਿੰਘ ਡੱਲੇਵਾਲ ਜੋ ਪਟਿਆਲਾ ਦੇ ਇਕ ਪ੍ਰਾਈਵੇਟ ਪਾਰਕ ਹਸਪਤਾਲ ਵਿੱਚ ਪੁਲਸ ਹਿਰਾਸਤ ਵਿੱਚ ਹਨ ਸਬੰਧੀ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਅਤੇ ਸਰਕਾਰੀ ਤੰਤਰ ਵਲੋਂ ਉਨ੍ਹਾਂ ਦਾ ਮਰਨ ਵਰਤ ਖਤਮ ਕਰਨ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਬੋਲਣ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ 19 ਮਾਰਚ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਵਾਪਸ ਪਰਤ ਰਹੇ ਕਿਸਾਨਾਂ ਨੂੰ ਪੰਜਾਬ ਪੁਲਸ ਨੇ ਧੋਖੇ ਨਾਲ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਸ਼ੰਭੂ ਅਤੇ ਦਾਤਾ ਸਿੰਘ ਵਾਲਾ, ਖਨੌਰੀ ਕਿਸਾਨ ਮੋਰਚੇ ਉਪਰ ਪੁਲਸ ਨੇ ਹਿੰਸਕ ਅਤੇ ਗੈਰ-ਜਮਹੂਰੀ ਕਾਰਵਾਈ ਕਰਦਿਆਂ ਕਿਸਾਨਾਂ ਦੇ ਮੋਰਚੇ ਨੂੰ ਧੱਕੇ ਨਾਲ ਕਿਸਾਨਾਂ ਦੇ ਸਮਾਨ ਦੀ ਭੰਨ ਤੋੜ ਕਰਦੇ ਹੋਏ ਚੁੱਕ ਦਿੱਤਾ ਸੀ । ਕਿਸਾਨ ਆਗੂਆਂ ਨੇ ਕਿਹਾ ਕਿ ਇਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸਾਨਾਂ ਨੂੰ ਜਾਂ ਕਿਸੇ ਵੀ ਧਿਰ ਨੂੰ ਗੱਲਬਾਤ ਲਈ ਬੁਲਾ ਕੇ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਰਕਾਰ ਵੱਲੋਂ ਅਜਿਹਾ ਗੈਰ-ਜਮਹੂਰੀਅਤ ਦੇ ਨਾਲ ਹੀ ਅਨੈਤਿਕਤਾ ਦਾ ਕੰਮ ਕੀਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਅਪਰਾਧਿਕ ਬਿਰਤੀ ਵਾਲੇ ਕੁੱਝ ਵਿਅਕਤੀਆਂ ਨੇ 19 ਮਾਰਚ ਨੂੰ ਸ਼ੰਭੂ ਅਤੇ ਦਾਤਾ ਸਿੰਘ ਵਾਲਾ, ਖਨੌਰੀ ਕਿਸਾਨ ਮੋਰਚੇ ਤੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਹੈ, ਜਿਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ ਅਤੇ ਸਰਕਾਰ ਤੋਂ ਇੱਕ ਇੱਕ ਚੀਜ਼ ਦਾ ਹਿਸਾਬ ਲਿਆ ਜਾਵੇਗਾ । ਕਿਸਾਨ ਆਗੂਆਂ ਨੇ ਕਿਹਾ ਕਿ ਜੇਲ੍ਹਾਂ ਦੀਆਂ ਉੱਚੀਆਂ ਕੰਧਾਂ ਸਾਡੇ ਹੌਸਲੇ ਨੂੰ ਤੋੜ ਨਹੀਂ ਸਕਦੀਆਂ ਅਤੇ ਅਸੀਂ ਕਿਸਾਨਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਲੜਦੇ ਹੋਏ ਭਵਿੱਖ ਵਿੱਚ ਵੀ ਸੈਂਕੜੇ ਵਾਰ ਜੇਲ੍ਹ ਜਾਣ ਲਈ ਤਿਆਰ ਹਾਂ । ਕਿਸਾਨ ਆਗੂਆਂ ਨੇ ਕਿਹਾ ਕਿ ਐਮ. ਐਸ. ਪੀ. ਗਾਰੰਟੀ ਕਾਨੂੰਨ ਸਮੇਤ 12 ਮੰਗਾਂ ਦੀ ਪੂਰਤੀ ਲਈ ਕਿਸਾਨ ਅੰਦੋਲਨ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋ ਆਉਣ ਵਾਲੇ ਸਮੇਂ ਵਿੱਚ ਮੀਟਿੰਗ ਕਰਕੇ ਅੰਦੋਲਨ ਦੀ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ ਜਾਵੇਗਾ । ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਚੱਲ ਕੇ ਕਿਸਾਨਾਂ 'ਤੇ ਕਰ ਰਹੀ ਹੈ ਤਸ਼ੱਦਦ ਪਟਿਆਲਾ : ਪੰਜਾਬ ਦੇ ਸ਼ੰਭੂ ਬਾਰਡਰ 'ਤੇ ਲੰਮਾਂ ਸਮਾਂ ਮੋਰਚਾ ਸਾਂਭੀ ਬੈਠੇ ਕਿਸਾਨ ਨੇਤਾ ਸਵਰਨ ਸਿੰਘ ਪੰਧੇਰ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਮਾਂਡੋ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਲੋਕ ਸਾਡਾ ਸਮਰਥਨ ਕਰਦੇ ਸਨ, ਉਨ੍ਹਾਂ ਨੇ ਸਾਡੇ ਨਾਲ ਅਜਿਹਾ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਾਡੇ ਵਿਰੋਧ ਦਾ ਬਹੁਤ ਫਾਇਦਾ ਉਠਾਇਆ ਅਤੇ ਬਾਅਦ ਵਿਚ ਭਾਜਪਾ ਦੇ ਇਸ਼ਾਰੇ 'ਤੇ ਕਿਸਾਨ ਅੰਦੋਲਨ ਦੀ ਪ੍ਰਸ਼ੰਸਾ ਕੀਤੀ ਗਈ । 2027 ਵਿਚ ਇਹ ਲੋਕ ਪੰਜਾਬ ਵਿਚ ਇਕੱਠੇ ਚੋਣਾਂ ਲੜਨਗੇ। ਅੱਜ ਭਗਵੰਤ ਮਾਨ ਲਈ ਮੋਦੀ ਅਤੇ ਸ਼ਾਹ ਮਹੱਤਵਪੂਰਨ ਹੋ ਗਏ ਹਨ, ਕਿਸਾਨ ਮਾਇਨੇ ਨਹੀਂ ਰੱਖਦੇ । ਪੰਧੇਰ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਕੁੱਟਣ ਵਾਲੇ ਅਧਿਕਾਰੀ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਅਮਨ ਅਰੋੜਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸ਼ੰਭੂ ਸਰਹੱਦ 'ਤੇ ਹੋਈ ਚੋਰੀ ਵਿਚ ਇਕ ਵਿਧਾਇਕ ਦਾ ਨਾਮ ਸ਼ਾਮਲ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ । ਪੰਧੇਰ ਨੇ ਕਿਹਾ ਕਿ ਜੇਲ ਦੇ ਅੰਦਰ ਨਸ਼ੇ ਅਤੇ ਮੋਬਾਈਲ ਫੋਨ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਹੈ, ਨਸ਼ਿਆਂ ਵਿਰੁਧ ਇਹ ਸਾਰੀ ਜੰਗ ਝੂਠੀ ਹੈ, ਮੇਰੇ ਨਾਲ ਪਟਿਆਲਾ ਜੇਲ 'ਚ ਚੱਲੋ, ਜਿਥੇ ਫੋਨਾਂ ਦੀ ਵਰਤੋਂ ਤੇ ਖੁੱਲ੍ਹ ਕੇ ਸਮੈਕ ਵਿਕਦੀ ਹੈ । ਉਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ। ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਹੁਣ ਸਭ ਤੋਂ ਪਹਿਲਾਂ ਅਸੀਂ ਸੂਬਾ ਸਰਕਾਰ ਵਿਰੁਧ ਵਿਰੋਧ ਪ੍ਰਦਰਸ਼ਨ ਕਰਾਂਗੇ । ਸਾਡੇ ਵਿਰੁਧ ਹੋਈ ਚੋਰੀ ਦਾ ਭੁਗਤਾਨ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ । ਏਕਤਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਕਜੁੱਟ ਹੋਣਾ ਪਵੇਗਾ । ਮੈਂ ਇਹ ਪਹਿਲਾਂ ਵੀ ਕਿਹਾ ਹੈ । ਸੰਧਾਵਾ ਸਾਹਿਬ ਨੂੰ ਝੂਠ ਨਹੀਂ ਬੋਲਣਾ ਚਾਹੀਦਾ । ਜਾਖੜ ਬਾਰੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਖਾਕੀ ਪਹਿਨੀ ਹੈ ਅਤੇ ਭਗਵੰਤ ਮਾਨ ਵੀ 2027 ਵਿਚ ਉਨ੍ਹਾਂ ਨਾਲ ਇਹ ਚੋਣ ਲੜਨਗੇ ।

Related Post