July 6, 2024 01:20:34
post

Jasbeer Singh

(Chief Editor)

Patiala News

ਭਾਜਪਾ ਆਗੂਆਂ ਪ੍ਰਨੀਤ ਕੌਰ ਤੇ ਅਰਵਿੰਦ ਖੰਨਾ ਦੇ ਘਰਾਂ ਅੱਗੇ ਗਰਜੇ ਕਿਸਾਨ

post-img

ਸ਼ੰਭੂ ਅਤੇ ਢਾਬੀਗੁੱਜਰਾਂ ਸਮੇਤ ਚਾਰ ਬਾਰਡਰਾਂ ’ਤੇ ਜਾਰੀ ਧਰਨਿਆਂ ਦੀ ਅਗਵਾਈ ਕਰ ਰਹੇ ‘ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸਕੇਐੱਮ (ਗੈਰ ਰਾਜਨੀਤਕ) ਦੇ ਬੈਨਰ ਹੇਠ ਕਿਸਾਨਾਂ ਨੇ ਅੱਜ ਪੰਜਾਬ ਭਰ ਵਿਚਲੇ ਭਾਜਪਾ ਉਮੀਦਵਾਰਾਂ ਸਮੇਤ ਮੁੱਖ ਆਗੂਆਂ ਦੇ ਘਰਾਂ ਮੂਹਰੇ ਧਰਨੇ ਦਿੱਤੇ। ਹਰਿਆਣਾ ਪੁਲੀਸ ਵੱਲੋਂ ਕੀਤੀ ਗਈ ਤਿੰਨ ਕਿਸਾਨ ਆਗੂਆਂ ਦੀ ਗ੍ਰਿ੍ਰਫਤਾਰੀ ਸਮੇਤ ਦੋ ਭਾਜਪਾ ਉਮੀਦਵਾਰਾਂ ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਦੇ ਕਿਸਾਨਾ ਵਿਰੋਧੀ ਬਿਆਨਾਂ ਨੂੰ ਦਿੱਤੇ ਗਏ ਇਨ੍ਹਾਂ ਧਰਨਿਆਂ ਦੀ ਕੜੀ ਵਜੋਂ ਹੀ ਅੱਜ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਪਟਿਆਲਾ ਸਥਿਤ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਨੇੜੇ ਵੀ ਕਿਸਾਨਾਂ ਨੇ ਧਰਨਾ ਦਿੱਤਾ। ਕਿਸਾਨਾਂ ਦੇ ਕਾਫਲੇ ਨੂੰ ਰੋਕਣ ਲਈ ਪੁਲੀਸ ਵੱਲੋਂ ਐੱਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। 35 ਏਕੜ ’ਚ ਫੈਲੇ ਸ਼ਾਹੀ ਪਰਿਵਾਰ ਦੇ ਇਸ ਮਹਿਲ ਦੇ ਦੁਆਲ਼ੇ ਕੀਤੀ ਗਈ ਨਾਕਾਬੰਦੀ ਦੌਰਾਨ ਮਿੰਟੀ ਦੇ ਭਰੇ ਟਿੱਪਰ ਵੀ ਖੜ੍ਹਾਏ ਹੋਏ ਸਨ ਜਿਸ ਦੇ ਚੱਲਦਿਆਂ ਹੀ ਕਿਸਾਨ ਮੋਤੀ ਮਹਿਲ ਦੇ ਮੁੱਖ ਗੇਟ ਨਾ ਜਾ ਸਕੇ, ਇਸ ਕਰਕੇ ਕਿਸਾਨਾਂ ਨੇ ਮੋਤੀ ਮਹਿਲ ਦੀ ਕੰਧ ਦੇ ਨਾਲ ਛਾਂਵੇਂ ਬਹਿ ਕੇ 12 ਤੋਂ 4 ਵਜੇ ਤੱਕ ਧਰਨਾ ਦਿਤਾ। ਇਸ ਦੌਰਾਨ ਲੰਬੜਦਾਰ ਮਾਨ ਸਿੰਘ ਰਾਜਪੁਰਾ, ਜੰਗ ਸਿੰਘ ਭਟੇੜੀ, ਮਨਜੀਤ ਘੁਮਾਣਾਂ, ਰਣਜੀਤ ਸਵਾਜਪੁਰ, ਜੋਰਾਵਰ ਸਿੰਘ ਬਲਬੇੜਾ, ਗੁਰਧਿਆਨ ਸਿਓਣਾ, ਪਰਮਿੰਦਰ ਬਾਬਰਪੁਰ, ਟਹਿਲ ਸਿੰਘ, ਜਰਨੈਲ ਕਾਲੇਕੇ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ਹਰਿਆਣਾ ਪੁਲੀਸ ਵੱਲੋਂ ਗ੍ਰਿਫਤਾਰ ਕਰ ਕੇ ਜੇਲ੍ਹੀਂ ਡੱਕੇ ਤਿੰਨ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਸੰਗਰੂਰ (ਗੁਰਦੀਪ ਸਿੰਘ ਲਾਲੀ): ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਵਲੋਂ ਰਣ ਸਿੰਘ ਚੱਠਾ ਤੇ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਅੱਜ ਭਾਜਪਾ ਦੇ ਸੂਬਾ ਆਗੂ ਅਰਵਿੰਦ ਖੰਨਾ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਅਤੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਭਾਕਿਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਭਾਕਿਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਰਣ ਸਿੰਘ ਚੱਠਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਛੋਟੇ ਵਪਾਰੀਆਂ ਵਿਰੋਧੀ ਸਰਕਾਰ ਹੈ। ਕਾਰਪੋਰੇਟ ਘਰਾਣਿਆਂ ਦੇ ਸੁਪਰ ਮੁਨਾਫੇ ਸੁਰੱਖਿਅਤ ਕਰਨ ਲਈ ਲੋਕਤੰਤਰ ਦਾ ਘਾਣ ਕਰਦਿਆਂ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। ਇਸੇ ਕਾਰਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਬਿਨਾਂ ਕਸੂਰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਬੁਲਾਰਿਆਂ ਨੇ ਕਿਸਾਨਾਂ ਨੂੰ 2 ਜੂਨ ਨੂੰ ਸੈਂਕੜੇ ਟਰੈਕਟਰ-ਟਰਾਲੀਆਂ ਦੇ ਕਾਫ਼ਲਿਆਂ ਸਮੇਤ ਬਾਰਡਰਾਂ ’ਤੇ ਚੱਲ ਰਹੇ ਮੋਰਚਿਆਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨਾਂ ਨੂੰ ਉਕਸਾਉਣ ਵਾਲੀ ਭਾਸ਼ਾ ਵਰਤ ਰਹੇ ਨੇ ਭਾਜਪਾ ਆਗੂ: ਪੰਧੇਰ ਸ਼ੰਭੂ ਬਾਰਡਰ ’ਤੇ 106 ਦਿਨਾਂ ਤੋਂ ਜਾਰੀ ਧਰਨੇ ਵਿੱਚੋਂ ਜਾਰੀ ਕੀਤੀ ਗਈ ਪੰਜਾਬ ਪੱਧਰੀ ਰਿਪੋਰਟ ਦੌਰਾਨ ਕਿਸਾਨ ਨੇਤਾ ਸਰਵਣ ਪੰਧੇਰ ਨੇ ਦੱਸਿਆ ਕਿ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਕਸਾਉਣ ਅਤੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਤੋੜਨ ਵਾਲੀ ਭਾਸ਼ਾ ਵਰਤੀ ਜਾ ਰਹੀ ਹੈ, ਪਰ ਪੰਜਾਬ ਦੇ ਲੋਕ ਭਾਜਪਾ ਦੀ ਇਸ ਸਾਜ਼ਿਸ਼ਕਾਰੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਕਿਸਾਨ ਆਪਣੀਆਂ ਮੰਗਾਂ ਪ੍ਰਤੀ ਅਡੋਲ ਹਨ।

Related Post