

1971 ’ਚ ਤੇਜਾ ਸਿੰਘ ਸੁਤੰਤਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਸਾਦੇ ਬੰਦੇ, ਲੋਕਾਂ ਦੇ ਕੰਮ ਆਉਣ ਵਾਲੇ, ਅਸਲ ਸੇਵਾਦਾਰ। 1973 ’ਚ ਉਹ ਕਿਸਾਨ ਮੁੱਦੇ ’ਤੇ ਲੋਕ ਸਭਾ ਦੀ ਬਹਿਸ ’ਚ ਹਿੱਸਾ ਲੈ ਰਹੇ ਸੀ ਕਿ ਦਿਲ ਦਾ ਦੌਰਾ ਪੈ ਗਿਆ। ਹੱਥਾਂ-ਪੈਰਾਂ ਦੀ ਪੈ ਗਈ। ਸੈੈਟਰਲ ਹਾਲ ’ਚ ਲਿਆਂਦਾ ਤਾਂ ਮੌਤ ਹੋ ਗਈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਉਥੇ ਹੀ ਸੀ। ਤੇਜਾ ਸਿੰਘ ਸੁਤੰਤਰ ਦੇ ਗਲ਼ ’ਚੋਂ ਘਸਿਆ, ਮੈਲ਼ਾ ਝੋਲਾ ਲਾਹਿਆ ਗਿਆ। ਝੋਲਾ ਫਰੋਲਿਆ ਤਾਂ ਵਿੱਚੋਂ ਦੋ ਰੋਟੀਆਂ ਤੇ ਇੱਕ ਅੰਬ ਦੇ ਅਚਾਰ ਦੀ ਫਾੜੀ ਨਿਕਲੀ। ਇੰਦਰਾ ਗਾਂਧੀ ਵੀ ਹੈਰਾਨ ਤੇ ਬਾਕੀ ਵੀ। ਇਹੋ ਜਿਹੇ ਵੀ ਹੁੰਦੇ ਸਨ ਪੰਜਾਬ ਦੇ ਚੁਣੇ ਹੋਏ ਨੇਤਾ। ਨਾ ਰੇਤਾ ਖਾਂਦੇ ਸਨ, ਨਾ ਸੜਕਾਂ, ਨਾ ਪੁਲ਼। ਸਾਦੀ ਜ਼ਿੰਦਗੀ। ਉਹੋ ਜਿਹੇ ਲੋਕ ਹੁਣ ਕਿੱਥੇ ਲੱਭਦੇ?