ਪਿੰਡ ਦੁੱਨੇਵਾਲਾ ਵਿਖੇ ਕਿਸਾਨਾਂ ਨੇ ਧਰਨਾ ਲਗਾ ਕੀਤੀ ਜੰਮ ਕੇ ਰੋਸਮਈ ਨਾਅਰੇਬਾਜੀ
- by Jasbeer Singh
- November 23, 2024
ਪਿੰਡ ਦੁੱਨੇਵਾਲਾ ਵਿਖੇ ਕਿਸਾਨਾਂ ਨੇ ਧਰਨਾ ਲਗਾ ਕੀਤੀ ਜੰਮ ਕੇ ਰੋਸਮਈ ਨਾਅਰੇਬਾਜੀ ਬਠਿੰਡਾ : ਭਾਰਤਮਾਲਾ ਰੋਡ ਪ੍ਰਾਜੈਕਟ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਮਨਗਰ ਤਕ ਬਣਨ ਵਾਲੀ ਸੜਕ ਲਈ ਪਿੰਡ ਦੁੱਨੇਵਾਲਾ ਵਿਚ ਪ੍ਰਸ਼ਾਸਨ ਵੱਲੋਂ ਅਕੁਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਸ਼ਨੀਵਾਰ ਦਿਨ ਭਰ ਪਿੰਡ ਵਿਚ ਤਣਾਅਪੂਰਨ ਸਥਿਤੀ ਬਣੀ ਰਹੀ । ਇਕ ਪਾਸੇ ਪੁਲਿਸ ਵੱਲੋਂ ਪਿੰਡ ਨੂੰ ਚਾਰੇ ਪਾਸਿਓ ਸੀਲ ਕੀਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਪਿੰਡ ਵਿਚ ਧਰਨਾ ਦਿੱਤਾ ਜਾ ਰਿਹਾ ਹੈ । ਇਸ ਮਾਹੌਲ ਵਿਚ ਕਿਸਾਨਾਂ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਦਿਨ ਭਰ ਚੱਲਦੀਆਂ ਰਹੀਆਂ । ਉਂਝ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸਵੇਰੇ ਤੋਂ ਹੀ ਪਿੰਡ ਵਿਚ ਡੇਰੇ ਲਾਏ ਹੋਏ ਸਨ। ਸ਼ੁੱਕਰਵਾਰ ਨੂੰ ਪਿੰਡ `ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਕਿਸਾਨਾਂ ਨੇ ਦੇਰ ਸ਼ਾਮ ਪਿੰਡ `ਚ ਧਰਨਾ ਲਗਾ ਦਿੱਤਾ ਸੀ। ਇਸ ਝੜਪ ਵਿਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ । ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਇਕੱਠੇ ਹੋਣ ਦਾ ਐਲਾਨ ਕੀਤਾ ਤਾਂ ਬਠਿੰਡਾ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਪਿੰਡ ਦੁੱਨੇਵਾਲਾ ਵਿਚ ਤੈਨਾਤ ਕੀਤਾ ਗਿਆ ਹੈ । ਕਿਸਾਨਾਂ ਦੇ ਪਿੰਡ ਦੁੱਨੇਵਾਲਾ ਵੱਲ ਮਾਰਚ ਕਰਨ ਦੀ ਸੰਭਾਵਨਾ ਤੋਂ ਬਾਅਦ ਸ਼ਨੀਵਾਰ ਸਵੇਰ ਤੋਂ ਹੀ ਪਿੰਡ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਸੀ । ਪਿੰਡ `ਚ ਆਉਣ-ਜਾਣ ਵਾਲੇ ਲੋਕਾਂ `ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ । ਸਾਰੀ ਸਥਿਤੀ ਉੱਪਰ ਨਜ਼ਰ ਰੱਖਣ ਲਈ ਡਰੋਨ ਕੈਮਰੇ ਵੀ ਲਗਾਏ ਗਏ ਸਨ । ਇਸ ਦੌਰਾਨ ਅਧਿਕਾਰੀਆਂ ਅਤੇ ਕਿਸਾਨਾਂ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ । ਅੱਜ ਸਵੇਰੇ ਹੋਈ ਪਲੇਠੀ ਮੀਟਿੰਗ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਰਿਹਾਅ ਕਰਨ ਤੋਂ ਇਲਾਵਾ ਪੁਲਿਸ ਵੱਲੋਂ ਖੋਹੇ ਗਏ ਮੋਬਾਈਲ ਫੋਨ ਅਤੇ ਵਾਹਨ ਵੀ ਵਾਪਸ ਕੀਤੇ ਜਾ। ਅਧਿਕਾਰੀਆਂ ਨੇ ਇਸ ’ਤੇ ਹਾਮੀ ਭਰਦਿਆਂ ਕਿਹਾ ਕਿ ਦੋ ਘੰਟਿਆਂ ਵਿਚ ਹਿਰਾਸਤ ਵਿਚ ਲਏ ਸਾਰੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ । ਇਸ ਦੌਰਾਨ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਪਿੰਡ ਦੁੱਨੇਵਾਲਾ ਆ ਰਹੇ ਹਨ, ਉਹ ਉਦੋਂ ਤਕ ਉਥੇ ਹੀ ਰੁਕ ਜਾਣ ਜਦੋਂ ਤਕ ਸੂਬਾ ਕਮੇਟੀ ਕੋਈ ਅਗਲਾ ਐਲਾਨ ਨਹੀਂ ਕਰਦੀ । ਇਸ ਕਾਰਨ ਬਾਅਦ ਦੁਪਹਿਰ ਕਿਸਾਨਾਂ ਨਾਲ ਪ੍ਰਸ਼ਾਸ਼ਨ ਦੀ ਦੂਜੀ ਮੀਟਿੰਗ ਸ਼ੁਰੂ ਹੋ ਗਈ। ਪਿੰਡ ਦੁੱਨੇਵਾਲਾ ਵਿਚ ਤਣਾਅਪੂਰਨ ਸਥਿਤੀ ਕਾਰਨ ਏ. ਡੀ. ਜੀ. ਪੀ. ਐਸ. ਪੀ. ਐਸ. ਪਰਮਾਰ, ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ, ਡੀ. ਸੀ. ਸ਼ੌਕਤ ਅਹਿਮਦ ਪਰੇ, ਐਸਐਸਪੀ ਅਮਨੀਤ ਕੌਂਡਲ, ਕਾਊਂਟਰ ਇੰਟੈਲੀਜੈਂਸ ਏਆਈਜੀ ਅਵਨੀਤ ਕੌਰ ਸਿੱਧੂ, ਏ. ਡੀ. ਸੀ. ਪੂਨਮ ਸਿੰਘ, ਏਡੀਸੀ ਆਰਪੀ ਸਿੰਘ ਅਤੇ ਐਸ. ਡੀ. ਐਮ. ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਪੁਲੀਸ ਅਤੇ ਪਿੰਡ ਵਿੱਚ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਸਨ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪ੍ਰਸ਼ਾਸ਼ਨ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ, ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਮਸਲੇ ਦੇ ਹੱਲ ਲਈ ਮੀਟਿੰਗ ਦਾ ਸੱਦਾ ਦਿੱਤਾ ਹੈ । ਦੂਜੇ ਪਾਸੇ ਡੀਸੀ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਇਹ ਤਰੀਕਾ ਸਹੀ ਨਹੀਂ ਹੈ। ਜੇਕਰ ਉਸ ਨੂੰ ਕੋਈ ਇਤਰਾਜ਼ ਹੈ ਤਾਂ ਉਹ ਅਦਾਲਤ ਵਿੱਚ ਕੇਸ ਦਾਇਰ ਕਰ ਸਕਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.