
ਐਫ.ਸੀ.ਆਈ ਰਿਕਾਰਡ ਰੂਮ ਨੂੰ ਲੱਗੀ ਅੱਗ, 30-40 ਸਾਲ ਪੁਰਾਣਾ ਰਿਕਾਰਡ ਦਾ ਵੱਡਾ ਹਿੱਸਾ ਸੜਿਆ
- by Jasbeer Singh
- April 30, 2024

ਪਟਿਆਲਾ, 30 ਅਪੈ੍ਰਲ (ਜਸਬੀਰ) : ਸ਼ਹਿਰ ਦੇ 16 ਨੰਬਰ ਫਾਟਕ ਦੇ ਕੋਲ ਫੂਡ ਕਾਰਪੋਰੇਸਨ ਆਫ ਇੰਡੀਆ (ਐਫ.ਸੀ.ਆਈ.) ਦੇ ਕਈ ਦਹਾਕੇ ਪੁਰਾਣੇ ਰਿਕਾਰਡ ਰੂਮ ਵਿਚ ਅੱਗ ਲੱਗ ਗਈ। ਜਿਸ ਵਿਚ ਜਿਆਦਾਤਰ ਪੁਰਾਣਾ ਰਿਕਾਰਡ ਸੜ੍ਹ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਫਾਇਰ ਬਿਗ੍ਰੇਡ ਦੀ ਟੀਮ ਸਟੇਸ਼ਨ ਫਾਇਰ ਅਫਸਰ ਅਤੇ ਇੰਚਾਰਜ਼ ਫਾਇਰ ਬਿਗ੍ਰੇਡ ਪਟਿਆਲਾ ਰਜਿੰਦਰ ਕੌਸ਼ਲ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚ ਗਈ ਅਤੇ ਫਾਇਰ ਬਿਗ੍ਰੇਡ ਨੇ ਕਈ ਘੰਟਿਆ ਦੀ ਮੁਸ਼ਕਤ ਤੋਂ ਬਾਅਦ ਆਖਰ ਅੱਗ ’ਤੇ ਕਾਬੂ ਪਾਇਆ। ਫਾਇਰ ਬਿਗ੍ਰੇਡ ਦੀਆਂ 8 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਸਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਰਜਿੰਦਰ ਕੌਸ਼ਲ ਨੇ ਦੱਸਿਆ ਕਿ ਇਹ ਐਫ.ਸੀ.ਆਈ.ਦਾ ਇੱਕ ਪੁਰਾਣੀ ਬਿਲਡਿੰਗ ਵਿਚ ਰਿਕਾਰਡ ਰੂੁਮ ਹੈ, ਜਿਸ ਵਿਚ ਪਿਛਲੇ 30-40 ਸਾਲ ਦਾ ਰਿਕਾਰਡ ਠੁਸ ਠੁਸ ਕੇ ਭਰਿਆ ਹੋਇਆ ਸੀ। ਇਸ ਰਿਕਾਰਡ ਰੂਮ ਵਿਚ ਅੱਜ ਅੱਗ ਲੱਗ ਗਈ ਅਤੇ ਰਿਕਾਰਡ ਜਿਆਦਾ ਹਿੱਸਾ ਨੁਕਸਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਲਡਿੰਗ ਦੀ ਹਾਲਤ ਕੋਈ ਜਿਆਦਾ ਵਧੀਆ ਨਹੀਂ ਹੈ ਅਤੇ ਰਿਕਾਰਡ ਵੀ ਠੁਸ ਕੇ ਭਰਿਆ ਹੋਇਆ ਸੀ। ਇਸ ਮੌਕੇ ਸਬ ਫਾਇਰ ਅਫਸਰ ਵਿਸ਼ਾਲ ਕੁਮਾਰ, ਮੰਗਲ ਦੱਤ, ਅਮਨਦੀਪ ਸਿੰਘ ਡਰਾਇਵਰ, ਗੁਰਮੀਤ ਸਿੰਘ ਫਾਇਰਮੈਨ, ਬਿਕਰਮ ਸਿੰਘ ਫਾਇਰਮੈਨ, ਸੁਮਿਤ ਕੁਮਾਰ ਅਤੇ ਦੀਪਕ ਕੁਮਾਰ ਫਾਇਰਮੈਨ ਵੀ ਟੀਮ ਵਿਚ ਸ਼ਾਮਲ ਸਨ।