post

Jasbeer Singh

(Chief Editor)

ਫ਼ਸਲ ’ਚ ਖਾਦ ਦੀ ਵਰਤੋਂ ਮਿੱਟੀ ਟੈਸਟ ਦੇ ਆਧਾਰ ’ਤੇ ਕੀਤੀ ਜਾਵੇ : ਡਾ. ਹਰਦੀਪ ਸਿੰਘ ਸਭਿਖੀ

post-img

ਫ਼ਸਲ ’ਚ ਖਾਦ ਦੀ ਵਰਤੋਂ ਮਿੱਟੀ ਟੈਸਟ ਦੇ ਆਧਾਰ ’ਤੇ ਕੀਤੀ ਜਾਵੇ : ਡਾ. ਹਰਦੀਪ ਸਿੰਘ ਸਭਿਖੀ -ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਣਕ ਦੀ ਫ਼ਸਲ ਲਈ ਡੀ. ਏ. ਪੀ. ਖਾਦ ਦੇ ਬਦਲਵੇਂ ਸਰੋਤਾਂ ਦੀ ਜਾਣਕਾਰੀ ਪਟਿਆਲਾ, 2 ਨਵੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਵਿਗਿਆਨੀਆਂ ਨੇ ਕਣਕ ਦੀ ਫ਼ਸਲ ਵਿੱਚ ਵੱਡੇ ਪੱਧਰ ਤੇ ਵਰਤੀ ਜਾਂਦੀ ਡੀ. ਏ. ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਦੀ ਜਾਣਕਾਰੀ ਦਿੱਤੀ ਹੈ । ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਣਕ ਦੀ ਫ਼ਸਲ ਵਿੱਚ ਡੀ. ਏ. ਪੀ. ਖਾਦ ਮੁੱਖ ਤੌਰ ਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਵਰਤੀ ਜਾਂਦੀ ਹੈ। ਇਸ ਵਿਚ 46 ਫ਼ੀਸਦੀ ਫਾਸਫੋਰਸ ਦੇ ਨਾਲ-ਨਾਲ 18 ਫ਼ੀਸਦੀ ਨਾਈਟ੍ਰੋਜਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਖਾਦ ਦੇ ਬਦਲ ਵੱਜੋ ਕੁਝ ਹੋਰ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ ਪਰ ਉਨ੍ਹਾਂ ਦੀ ਲੋੜੀਂਦੀ ਮਾਤਰਾ ਡੀ. ਏ. ਪੀ. ਨਾਲੋਂ ਵੱਖਰੀ ਹੋ ਸਕਦੀ ਹੈ। ਇਹੋ ਜਿਹੀ ਇਕ ਖਾਦ ਐਨ. ਪੀ. ਕੇ. (12:32:16) ਹੈ ਜਿਸ ਵਿੱਚ 32 ਫ਼ੀਸਦੀ ਫਾਸਫੋਰਸ, 12 ਫ਼ੀਸਦੀ ਨਾਈਟ੍ਰੋਜਨ ਅਤੇ 16 ਫ਼ੀਸਦੀ ਪੋਟਾਸ਼ੀਅਮ ਤੱਤ ਮੌਜੂਦ ਹੁੰਦੇ ਹਨ । ਇੱਕ ਬੋਰਾ ਡੀ. ਏ. ਪੀ. ਦੀ ਜਗ੍ਹਾ 1.5 ਬੋਰਾ ਐਨ. ਪੀ. ਕੇ. (12:32:16) ਵਰਤੀ ਜਾ ਸਕਦੀ ਹੈ। ਡਾ. ਸਿੱਧੂ ਨੇ ਦੱਸਿਆ ਕਿ ਕਿਸਾਨ ਇਸ ਤੋਂ ਇਲਾਵਾ ਸਿੰਗਲ ਸੁਪਰਫਾਸਫੇਟ ਖਾਦ ਦੇ 3 ਬੋਰਿਆਂ ਜਾਂ ਟ੍ਰਿਪਲ ਸੁਪਰਫਾਸਫੇਟ ਖਾਦ ਦੇ ਇੱਕ ਬੋਰੇ ਦੀ ਵਰਤੋਂ ਡੀ.ਏ.ਪੀ. ਖਾਦ ਦੇ ਇੱਕ ਬੋਰੇ ਦੀ ਜਗ੍ਹਾ ਕਰ ਸਕਦੇ ਹਨ । ਕੇ. ਵੀ. ਕੇ., ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਕਿਹਾ ਕਿ ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਟੈਸਟ ਦੇ ਅਧਾਰ ਤੇ ਹੀ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਜਾਣਕਾਰੀ ਦਿੱਤੀ ਕਿ ਐਨ. ਪੀ. ਕੇ. (12:32:16), ਡੀ. ਏ. ਪੀ. ਦਾ ਇੱਕ ਬਹੁਤ ਵਧੀਆ ਬਦਲ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੇ 1.5 ਬੋਰੇ ਵਿੱਚ ਡੀ. ਏ. ਪੀ. ਜਿੰਨੇ ਫਾਸਫੋਰਸ ਤੇ ਨਾਈਟ੍ਰੋਜਨ ਤੱਤ ਤਾਂ ਹੁੰਦੇ ਹੀ ਹਨ, ਬਲਕਿ 23 ਕਿਲੋਗ੍ਰਾਮ ਪੋਟਾਸ਼ ਵੀ ਹੁੰਦੀ ਹੈ । ਡਾ. ਸਭਿਖੀ ਨੇ ਦੱਸਿਆ ਕਿ ਟ੍ਰਿਪਲ ਸੁਪਰਫਾਸਫੇਟ ਬਾਜ਼ਾਰ ਵਿੱਚ ਉਪਲਬਧ ਇੱਕ ਨਵੀਂ ਖਾਦ ਹੈ, ਜਿਸ ਵਿੱਚ ਡੀ. ਏ. ਪੀ. ਦੇ ਬਰਾਬਰ ਫਾਸਫੋਰਸ ਤੱਤ ਦੇ ਨਾਲ-ਨਾਲ ਕੈਲਸ਼ੀਅਮ ਤੱਤ ਵੀ ਮੌਜੂਦ ਹੁੰਦਾ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਸਿੰਗਲ ਸੁਪਰਫਾਸਫੇਟ ਜਾਂ ਟ੍ਰਿਪਲ ਸੁਪਰਫਾਸਫੇਟ ਦੀ ਵਰਤੋਂ ਕਣਕ ਦੀ ਬਿਜਾਈ ਸਮੇਂ ਕਰਦੇ ਹਨ ਤਾਂ ਉਨ੍ਹਾਂ ਨੂੰ 20 ਕਿਲੋ ਯੂਰੀਆ ਪ੍ਰਤੀ ਏਕੜ ਵੀ ਬਿਜਾਈ ਸਮੇਂ ਪਾਉਣਾ ਚਾਹੀਦਾ ਹੈ ।

Related Post

Instagram