
ਨਾਕਾਬੰਦੀ ਦੌਰਾਨ ਅਣਪਛਾਤੇ ਨੌਜਵਾਨਾਂ ਵਲੋਂ ਸੁੱਟੇ ਗਏ ਅਟੈਚੀ ਵਿਚੋਂ ਮਿਲੇ ਪੰਜ ਪਿਸਤੌਲ ਤੇ ਮੈਗਜ਼ੀਨ
- by Jasbeer Singh
- September 4, 2024

ਨਾਕਾਬੰਦੀ ਦੌਰਾਨ ਅਣਪਛਾਤੇ ਨੌਜਵਾਨਾਂ ਵਲੋਂ ਸੁੱਟੇ ਗਏ ਅਟੈਚੀ ਵਿਚੋਂ ਮਿਲੇ ਪੰਜ ਪਿਸਤੌਲ ਤੇ ਮੈਗਜ਼ੀਨ ਫਰੀਦਕੋਟ : ਪੰਜਾਬ ਦੇ ਜਿ਼ਲਾ ਫਰੀਦਕੋਟ ਨੇੜਲੇ ਪਿੰਡ ਟਹਿਣਾ ਕੋਲ ਬਣੇ ਹਾਈਟੈਕ ਨਾਕੇ ‘ਤੇ ਪੁਲਸ ਵੱਲੋਂ ਰੋਕਣ ‘ਤੇ ਇੱਕ ਅਟੈਚੀ ਸੁੱਟ ਕੇ ਦੋ ਅਣਪਛਾਤੇ ਨੌਜਵਾਨ ਫ਼ਰਾਰ ਹੋ ਗਏ। ਬਰਾਮਦ ਅਟੈਚੀ ਕੇਸ ਦੀ ਤਲਾਸ਼ੀ ਲਈ ਗਈ ਤਾਂ ਵਿੱਚੋਂ ਪੰਜ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਹੁਣ ਪੁਲਿਸ ਉਨ੍ਹਾਂ ਅਣਪਛਾਤੇ ਨੌਂਜਵਾਨਾ ਦੀ ਭਾਲ ਚ ਜੁਟ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਰਾਤ ਨੂੰ ਪਿੰਡ ਟਹਿਣਾ ਕੋਲ ਲੱਗੇ ਨਾਕੇ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਜੋ ਇੱਕ ਈ ਰਿਕਸ਼ਾ ‘ਤੇ ਸਵਾਰ ਸਨ ਪਰ ਪੁਲਿਸ ਪਾਰਟੀ ਨੂੰ ਦੇਖ ਉਹ ਉਥੋਂ ਭੱਜ ਨਿਕਲੇ ਤੇ ਅੱਗੇ ਜਾ ਕੇ ਉਹ ਗਾਇਬ ਹੋ ਗਏ।ਇਸੇ ਦੌਰਾਨ ਉਨ੍ਹਾਂ ਵੱਲੋਂ ਇੱਕ ਅਟੈਚੀ ਕੇਸ ਸੁੱਟਿਆ ਗਿਆ ਜਿਸ ਨੂੰ ਪੁਲਿਸ ਨੇ ਕਬਜ਼ੇ ਚ ਲਿਆ ਅਤੇ ਤਲਾਸ਼ੀ ਦੌਰਾਨ ਇਸ ਅੰਦਰੋਂ ਪੰਜ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਲਈ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਹਨ।