

PUNJAB (29-JULY-2024 ) : ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਹਾਈਕੋਰਟ ਨੇ ਸੁਣਵਾਈ ਨੂੰ 31 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨ ’ਚ ਕਈ ਤਕਨੀਕੀ ਖਾਮੀਆਂ ਦੇ ਕਾਰਨ ਸੁਣਵਾਈ ਨੂੰ ਮੁਲਤਵੀ ਕੀਤਾ ਗਿਆ ਹੈ।ਦੱਸ ਦਈਏ ਕਿ ਪਟੀਸ਼ਨ ’ਚ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਸਰ ਸਹੀ ਨਹੀਂ ਲਿਖੀ ਗਈ ਸੀ ਅਤੇ ਪਤਾ ਵੀ ਸਹੀ ਨਹੀਂ ਸੀ। ਇਸ ’ਤੇ ਸਰਕਾਰੀ ਵਕੀਲ ਵੱਲੋਂ ਸਵਾਲ ਚੁੱਕੇ ਗਏ ਜਿਸ ਤੋਂ ਬਾਅਦ ਸੁਣਵਾਈ ਨੂੰ ਪਰਸੋਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਨਾਲ ਹੀ ਸਭ ਕੁਝ ਠੀਕ ਕਰਨ ਲਈ ਵੀ ਕਿਹਾ ਗਿਆ ਹੈ। ਪਟੀਸ਼ਨ ’ਚ ਸਭ ਕੁਝ ਠੀਕ ਹੋਣ ਤੋਂ ਬਾਅਦ ਹੀ ਅਗਲੀ ਸੁਣਵਾਈ ਪਰਸੋਂ ਨੂੰ ਹੋਵੇਗੀ।ਦਰਅਸਲ ਖਡੂਰ ਸਾਹਿਬ ਤੋਂ ਸਾਂਸਦ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਉਪਰ ਲੱਗੇ ਐਨਐਸਏ ਖਿਲਾਫ਼ ਹਾਈਕੋਰਟ 'ਚ ਪਹੁੰਚ ਕੀਤੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ ਨੇ ਨੈਸ਼ਨਲ ਸਿਕਿਓਰਿਟੀ ਸੁਰੱਖਿਆ ਐਕਟ ਨੂੰ ਨਾਜਾਇਜ਼ ਅਤੇ ਗ਼ੈਰ-ਕਾਨੂੰਨੀ ਦੱਸਦਿਆਂ ਹਾਈਕੋਰਟ ਤੋਂ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।ਅੰਮ੍ਰਿਤਪਾਲ ਸਿੰਘ ਨੇ ਪਟੀਸ਼ਨ 'ਚ ਕਿਹਾ ਹੈ ਕਿ ਉਨ੍ਹਾਂ ਉਪਰ ਪੰਜਾਬ ਸਰਕਾਰ ਨੇ ਦੂਜੀ ਵਾਰ ਐਨਐਸਏ ਲਗਾਉਣ ਲਈ ਜਿਹੜੇ ਕਾਰਨ ਦੱਸੇ ਹਨ, ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਜਿੱਤ ਚੁੱਕੇ ਹਨ, ਜਿਸ ਲਈ ਐਨਐਸਏ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।ਫਿਲਹਾਲ ਇਸ ਸਮੇਂ ਅੰਮ੍ਰਿਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਉਨ੍ਹਾਂ ਉਪਰ ਪੰਜਾਬ ਸਰਕਾਰ ਵੱਲੋਂ ਐਨਐਸਏ ਲਗਾਇਆ ਹੈ ਜਿਸਨੂੰ ਇਕ ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ। ਜੀ ਹਾਂ ਪੰਜਾਬ ਸਰਕਾਰ ਨੇ 3 ਜੂਨ ਨੂੰ ਚਿੱਠੀ ਜਾਰੀ ਕਰਕੇ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ 9 ਸਾਥੀਆਂ ’ਤੇ ਲੱਗੀ ਐਨਐਸਏ ’ਚ ਵਾਧਾ ਕਰ ਦਿੱਤਾ ਸੀ। ਹੁਣ ਇਸ ਦੀ ਮਿਆਦ 23 ਅਪ੍ਰੈਲ 2025 ਤੱਕ ਹੈ।