
ਸਕੂਲੀ ਬੱਸਾਂ ਵਿੱਚ ਲੜਕੀਆਂ ਦੀ ਸੁਰੱਖਿਆ ਲਈ ਬੱਸ ਵਿੱਚ ਇੱਕ ਮਹਿਲਾ ਕੰਡਕਟਰ ਦਾ ਹੋਣਾ ਲਾਜਮੀ
- by Jasbeer Singh
- November 27, 2024

ਸਕੂਲੀ ਬੱਸਾਂ ਵਿੱਚ ਲੜਕੀਆਂ ਦੀ ਸੁਰੱਖਿਆ ਲਈ ਬੱਸ ਵਿੱਚ ਇੱਕ ਮਹਿਲਾ ਕੰਡਕਟਰ ਦਾ ਹੋਣਾ ਲਾਜਮੀ ਪਟਿਆਲਾ 27 ਨਵੰਬਰ: ਪਟਿਆਲਾ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਮਨਜੀਤ ਕੌਰ ਨੇ ਅੱਜ ਸੜਕ ਸੁਰੱਖਿਆ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕੀਤੀ । ਉਹਨਾਂ ਨਿਜੀ ਸਕੂਲਾਂ’ਚ ਸੇਫ ਵਾਹਨ ਨੀਤੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ । ਉਹਨਾਂ ਜ਼ਿਲ੍ਹਾ ਸਿਖਿਆ ਵਿਭਾਗ ਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਾਹਨਾਂ ਦੀ ਅਚਨਚੇਤ ਚੈਕਿੰਗ ਕਰਨ । ਮਨਜੀਤ ਕੌਰ ਨੇ ਕਿਹਾ ਕਿ ਜੇਕਰ ਕੋਈ ਸਕੂਲ ਸੇਫ਼ ਸਕੂਲ ਵਾਹਨ ਨੀਤੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਮੁਤਾਬਕ ਡਰਾਇਵਰ ਦੀ ਨੇਮ ਪਲੇਟ ਤੇ ਵਰਦੀ, ਮਹਿਲਾ ਅਟੈਂਡੈਂਟ, ਮੁੱਢਲੀ ਸਹਾਇਤਾ ਬਕਸੇ, ਅੱਗ ਬੁਝਾਂਊ ਯੰਤਰ, ਸੀ. ਸੀ. ਟੀ. ਵੀ. ਕੈਮਰੇ ਅਤੇ ਓਵਰ ਲੋਡਿੰਗ ਕਰਨ ਵਾਲਿਆਂ ਦੇ ਸਮੇਂ-ਸਮੇਂ ਤੇ ਚਲਾਨ ਕੱਟੇ ਜਾਂਦੇ ਹਨ । ਉਹਨਾਂ ਬੈਠਕ ਵਿੱਚ ਮੌਜੂਦ ਟਰਾਂਸਪੋਰਟ ਵਿਭਾਗ ,ਜ਼ਿਲ੍ਹਾ ਸਿਖਿੱਆ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੇ ਵਾਹਨਾਂ ਦੀ ਅਚਨਚੇਤ ਚੈਕਿੰਗ ਯਕੀਨੀ ਬਣਾਈ ਜਾਵੇ । ਸਬ ਡਵੀਜ਼ਨਲ ਮੈਜਿਸਟ੍ਰੇਟ ਵੱਲੋਂ ਇਹ ਵੀ ਕਿਹਾ ਗਿਆ ਕਿ ਕਈ ਵਾਰ ਅੱਗ ਬੁਝਾਊ ਯੰਤਰਾਂ ਦੀ ਮਿਆਦ ਪੂਰੀ ਹੋ ਚੁੱਕੀ ਹੁੰਦੀ ਹੈ , ਉਹਨਾਂ ਦੀ ਚੈਕਿੰਗ ਅਤਿ ਜਰੂਰੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋ ਬਚਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਲਈ ਬੱਸ ਵਿੱਚ ਇੱਕ ਮਹਿਲਾ ਕੰਡਕਟਰ ਦਾ ਹੋਣਾ ਲਾਜਮੀ ਹੈ । ਮੀਟਿੰਗ ਵਿੱਚ ਜ਼ਿਲ੍ਹਾ ਸੁਰੱਖਿਆ ਅਫਸਰ ਤੋ ਇਲਾਵਾ ਟਰਾਂਸਪੋਰਟ ਵਿਭਾਗ, ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਵੀ ਸ਼ਾਮਲ ਸਨ ।