
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ‘ਚ ਸਿਹਤ ਪੇਸ਼ੇਵਰਾਂ ਖ਼ਿਲਾਫ਼ ਹਿੰਸਾ ਤੋਂ ਬਚਾਅ ਲਈ ਜ਼ਿਲ੍ਹਾ ਪੱਧਰੀ ਬੋਰਡ
- by Jasbeer Singh
- September 11, 2024

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ‘ਚ ਸਿਹਤ ਪੇਸ਼ੇਵਰਾਂ ਖ਼ਿਲਾਫ਼ ਹਿੰਸਾ ਤੋਂ ਬਚਾਅ ਲਈ ਜ਼ਿਲ੍ਹਾ ਪੱਧਰੀ ਬੋਰਡ ਦਾ ਗਠਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਰੱਬ ਦਾ ਰੂਪ ਮੰਨੇ ਜਾਣ ਵਾਲੇ ਪੇਸ਼ੇਵਰ ਡਾਕਟਰਾਂ ਦੀ ਹਰ ਮੌਕੇ ਸੁਰੱਖਿਆ ਲਈ ਸੰਗਰੂਰ ਪ੍ਰਸ਼ਾਸਨ ਵਚਨਬੱਧ: ਡੀ.ਸੀ. ਜਤਿੰਦਰ ਜੋਰਵਾਲ ਸੰਗਰੂਰ, 11 ਸਤੰਬਰ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿਛਲੇ ਦਿਨੀਂ ਮੀਟਿੰਗ ਕਰਕੇ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਅਤੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਡਿਊਟੀ ਸਮੇਂ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਪੈਰਾਮੈਡਿਕ ਸਟਾਫ਼ ਦੇ ਹਿੱਤਾਂ ਦੀ ਰਾਖੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਰੋਕਥਾਮ ਦੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਸਿਹਤ ਬੋਰਡ ਦਾ ਗਠਨ ਕੀਤਾ। ਇਸ ਬੋਰਡ ਡਿਪਟੀ ਕਮਿਸ਼ਨਰ ਚੇਅਰਪਰਸਨ ਹੋਣਗੇ ਜਦਕਿ ਐਸ ਐਸ ਪੀ, ਸਿਵਲ ਸਰਜਨ, ਐੱਸ.ਡੀ.ਐੱਮ, ਡੀ.ਡੀ.ਪੀ.ਓ., ਬੀ.ਡੀ.ਪੀ.ਓ., ਐੱਸ.ਐੱਮ.ਓ., ਪੈਰਾਮੈਡਿਕ ਸਟਾਫ ਦਾ ਪ੍ਰਤੀਨਿਧੀ, ਪੀ.ਸੀ.ਐੱਮ.ਐੱਸ. ਏ ਦੇ ਜ਼ਿਲ੍ਹਾ ਪ੍ਰਧਾਨ, ਐੱਨ.ਜੀ.ਓ ਪ੍ਰਤਿਨਿਧੀ ਅਤੇ ਜ਼ਿਲ੍ਹਾ ਅਟਾਰਨੀ ਸ਼ਾਮਲ ਹਨ। ਜ਼ਿਲ੍ਹਾ ਸਿਹਤ ਬੋਰਡ ਦੀ ਪਲੇਠੀ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰ, 24x7 ਸਿਹਤ ਸਹੂਲਤ ਵਜੋਂ ਕੰਮ ਕਰ ਰਹੇ, ਦਾ ਸੁਰੱਖਿਆ ਆਡਿਟ ਕਰਨ ਦੇ ਹੁਕਮ ਦਿੱਤੇ ਗਏ ਹਨ । ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਅਗਲੇ 10 ਦਿਨਾਂ ਤੱਕ ਸੁਰੱਖਿਆ ਆਡਿਟ ਮੁਕੰਮਲ ਕਰਨ ਲਈ ਇਨ੍ਹਾਂ ਸਾਰੀਆਂ ਸਿਹਤ ਸਹੂਲਤਾਂ ਦਾ ਨਿੱਜੀ ਤੌਰ 'ਤੇ ਦੌਰਾ ਕਰਨ ਲਈ ਕਿਹਾ ਗਿਆ ਹੈ । ਇਸੇ ਤਰ੍ਹਾਂ, ਇਨ੍ਹਾਂ ਸਿਹਤ ਸਹੂਲਤਾਂ 'ਤੇ ਪਹਿਲਾਂ ਤੋਂ ਹੀ ਲਗਾਏ ਗਏ ਸਾਰੇ ਸੀ ਸੀ ਟੀ ਵੀ ਕੈਮਰੇ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਵਾਧੂ ਲਾਈਟਾਂ ਦਾ ਪ੍ਰਬੰਧ ਕਰਕੇ ਹਨੇਰੇ ਕੋਨਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਦ ਪੰਜਾਬ ਪ੍ਰੋਟੈਕਸ਼ਨ ਆਫ਼ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨਜ਼ (ਪ੍ਰੀਵੈਂਸ਼ਨ ਆਫ਼ ਵਾਇਲੈਂਸ ਐਂਡ ਡੈਮੇਜ ਟੂ ਪ੍ਰਾਪਰਟੀ) ਐਕਟ, 2008’ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਸਾਰੀਆਂ ਸਿਹਤ ਸਹੂਲਤਾਂ ‘ਚ ਐਕਟ ਦੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਇੱਕ ਡਿਸਪਲੇ ਬੋਰਡ ਲਗਾਇਆ ਜਾਵੇ, ਜਿਸ ਵਿੱਚ ਨਜ਼ਦੀਕੀ ਪੁਲਿਸ ਸਟੇਸ਼ਨਾਂ ਦੇ ਸੰਪਰਕ ਨੰਬਰ ਹੋਣ । ਉਨ੍ਹਾਂ ਅੱਗੇ ਕਿਹਾ ਕਿ ਰਾਤ ਦੀਆਂ ਡਿਊਟੀਆਂ ਦੌਰਾਨ ਹਸਪਤਾਲ ਦੇ ਵੱਖ-ਵੱਖ ਖੇਤਰਾਂ ਵਿੱਚ ਡਾਕਟਰਾਂ/ਨਰਸਾਂ ਦੀ ਸੁਰੱਖਿਅਤ ਆਵਾਜਾਈ ਲਈ ਪ੍ਰਬੰਧ ਕੀਤੇ ਜਾਣਗੇ ਅਤੇ ਰਾਤ ਦੇ ਸਮੇਂ ਜ਼ਿਆਦਾ ਚੱਲਣ ਵਾਲੇ ਸਾਰੇ ਹਸਪਤਾਲਾਂ ਵਿੱਚ ਨਿਯਮਤ ਸੁਰੱਖਿਆ ਗਸ਼ਤ ਕੀਤੀ ਜਾਵੇਗੀ। ਐਮਰਜੈਂਸੀ ਦੀ ਸਥਿਤੀ ਵਿੱਚ, ਹੈਲਥ ਕੇਅਰ ਸਟਾਫ ਨੂੰ ‘112' ਹੈਲਪਲਾਈਨ 'ਤੇ ਡਾਇਲ ਕਰਨਾ ਚਾਹੀਦਾ ਹੈ। ਕਿਸੇ ਵੀ ਸ਼ੱਕੀ ਵਿਅਕਤੀ ਦੀ ਆਵਾਜਾਈ ਨੂੰ ਰੋਕਣ ਲਈ ਹਸਪਤਾਲਾਂ ਦੇ ਸਾਰੇ ਸਟਾਫ਼ ਮੈਂਬਰਾਂ ਨੂੰ ਫੋਟੋ ਆਈ ਡੀ ਕਾਰਡ ਜਾਰੀ ਕੀਤੇ ਜਾਣਗੇ। ਹਰੇਕ ਸਟਾਫ ਨੂੰ ਕੰਮ ਦੇ ਸਮੇਂ ਦੌਰਾਨ ਲਾਜ਼ਮੀ ਤੌਰ 'ਤੇ ਆਈਡੀ ਕਾਰਡ ਪਹਿਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਬੋਰਡ ਦੀ ਮਹੀਨਾਵਾਰ ਮੀਟਿੰਗ ਹੋਵੇਗੀ । ਡੀ.ਸੀ. ਜਤਿੰਦਰ ਜੋਰਵਾਲ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਰੱਬ ਦਾ ਰੂਪ ਮੰਨੇ ਜਾਣ ਵਾਲੇ ਪੇਸ਼ੇਵਰਾਂ ਦੀ ਹਰ ਮੌਕੇ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾਵੇਗਾ । ਇਸ ਮੌਕੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੂੰ ਡਾਕਟਰਾਂ ਅਤੇ ਹੋਰ ਪੈਰਾਮੈਡਿਕ ਸਟਾਫ ਦੀ ਸੁਰੱਖਿਆ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦਿਨ ਦੀ ਗਸ਼ਤ ਤੋਂ ਇਲਾਵਾ ਅਹਿਮ ਥਾਵਾਂ 'ਤੇ ਰਾਤ ਦੀ ਵਿਸ਼ੇਸ਼ ਗਸ਼ਤ ਕੀਤੀ ਜਾਵੇਗੀ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 112 ਨੰਬਰ ਡਾਇਲ ਕਰਨ । ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ, ਐਸ.ਡੀ.ਐਮ. ਧੂਰੀ ਅਮਿਤ ਗੁਪਤਾ, ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਐਸ.ਡੀ.ਐਮ. ਸੁਨਾਮ ਪ੍ਰਮੋਦ ਸਿੰਗਲਾ, ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਸਿਵਲ ਸਰਜਨ ਡਾ. ਕਿਰਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮੂਹ ਐਸ.ਐਮ.ਓ. ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.