ਭਾਜਪਾ ਦੇ ਸਾਬਕਾ ਵਿਧਾਇਕ ਦੀ ਉਮਰ ਕੈਦ ਦੀ ਸਜ਼ਾ ਗਵਰਨਰ ਵੱਲੋਂ ਮੁਆਫ਼- ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ
- by Jasbeer Singh
- July 26, 2024
ਭਾਜਪਾ ਦੇ ਸਾਬਕਾ ਵਿਧਾਇਕ ਦੀ ਉਮਰ ਕੈਦ ਦੀ ਸਜ਼ਾ ਗਵਰਨਰ ਵੱਲੋਂ ਮੁਆਫ਼- ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ ਨਵੀਂ ਦਿੱਲੀ, 26 ਜੁਲਾਈ : ਇੱਕ ਪਾਸੇ ਤਾਂ, ਮੋਹਾਲੀ-ਚੰਡੀਗੜ੍ਹ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਉਥੇ ਹੀ ਦੂਜੇ ਪਾਸੇ ਯੂਪੀ ਗਵਰਨਰ ਵੱਲੋਂ ਯੋਗੀ ਸਰਕਾਰ ਦੀ ਸਿਫਾਰਿਸ਼ ਤੇ ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਹੈ। ਇਸ ਸਜ਼ਾ ਮੁਆਫ਼ੀ ਤੇ ਬਠਿੰਡਾ ਤੋਂ ਅਕਾਲੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਗਏ ਹਨ ਅਤੇ ਕਿਹਾ ਗਿਆ ਹੈ ਕਿ, ਕੀ ਸਾਡੇ ਦੇਸ਼ ਵਿੱਚ ਦੋ ਕਾਨੂੰਨ ਹਨ, ਇੱਕ ਭਾਜਪਾ ਦੇ ਚਾਹੇਤਿਆਂ ਲਈ ਤੇ ਦੂਜਾ ਘੱਟ ਗਿਣਤੀਆਂ ਖ਼ਾਸਕਰ ਸਿੱਖ ਕੌਮ ਲਈ? ਇਸਤੋਂ ਪਹਿਲਾਂ ਬਿਲਕਿਸ ਬਾਨੋ ਦੇ ਕਾਤਲਾਂ ਦੀ ਸਜ਼ਾ ਮੁਆਫ਼ ਕੀਤੀ ਗਈ ਤੇ ਹੁਣ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ, ਸਮਾਜਵਾਦੀ ਪਾਰਟੀ ਦੇ ਨੇਤਾ ਜਵਾਹਰ ਪੰਡਿਤ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਨੂੰ 25 ਜੁਲਾਈ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਹ ਰਿਹਾਈ ਯੂਪੀ ਸਰਕਾਰ ਦੀ ਸਿਫ਼ਾਰਸ਼ `ਤੇ ਰਾਜਪਾਲ ਵੱਲੋਂ ਆਪਣੀ ਬਾਕੀ ਸਜ਼ਾ ਮੁਆਫ਼ ਕਰਨ ਕਾਰਨ ਹੋਈ ਹੈ। ਹਾਲਾਂਕਿ, ਜਵਾਹਰ ਪੰਡਿਤ ਦੇ ਕਤਲ ਵਿੱਚ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਦੇ ਸਾਬਕਾ ਵਿਧਾਇਕ ਦੀ ਸਜ਼ਾ ਮੁਆਫ਼ ਕਰਨ ਦੇ ਹੁਕਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।ਭਾਜਪਾ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਰਿਹਾਅ ਕਰ ਦਿੱਤਾ ਗਿਆ ਹੈ। ਉਹ 8 ਸਾਲ 9 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ। ਇਸ ਦੌਰਾਨ ਉਸ ਨੂੰ ਪ੍ਰਯਾਗਰਾਜ ਦੀ ਨੈਨੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਦੈਭਾਨ ਦੇ ਜੇਲ੍ਹ ਤੋਂ ਰਿਹਾਅ ਹੋਣ ਸਮੇਂ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨੀਲਮ ਕਰਵਰੀਆ ਵੀ ਜੇਲ੍ਹ ਦੇ ਬਾਹਰ ਮੌਜੂਦ ਸਨ। ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਹਿਨਾਏ। ਘਰ ਪਹੁੰਚ ਕੇ ਵੀ ਸਮਰਥਕਾਂ ਨੇ ਜਸ਼ਨ ਮਨਾਏ।
