
ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨਾਭਾ ਜੇਲ ਵਿਚ ਬੰਦ ਮਜੀਠੀਆ ਨੂੰ ਆਏ ਮਿਲਣ
- by Jasbeer Singh
- August 19, 2025

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨਾਭਾ ਜੇਲ ਵਿਚ ਬੰਦ ਮਜੀਠੀਆ ਨੂੰ ਆਏ ਮਿਲਣ ਜੇਲ ਪ੍ਰਸ਼ਾਸਨ ਵਲੋਂ ਬਿਨਾ ਮੁਲਾਕਾਤ ਕਰਵਾਏ ਮੋੜਣ ਤੇ ਲੰਗਾਹ ਤੇ ਸਾਥੀਆਂ ਨੇ ਕੀਤੀ ਪ੍ਰਸ਼ਾਸਨ ਤੇ ਸਰਕਾਰ ਖਿ਼ਲਾਫ਼ ਨਾਅਰੇਬਾਜ਼ੀ ਨਾਭਾ, 19 ਅਗਸਤ 2025 : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ `ਚ ਬੰਦ ਸ਼੍ਰੋਮਣੀ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਅਪਣੇ ਸਾਥੀਆਂ ਸਮੇਤ ਸਵੇਰੇ ਨਾਭਾ ਜੇਲ੍ਹ ਪਹੁੰਚੇ, ਜਿਨਾਂ ਨੂੰ ਕਾਨੂੰਨ ਦਾ ਹਵਾਲਾ ਦਿੰਦਿਆਂ ਮਿਲਣ ਨਹੀਂ ਦਿੱਤਾ ਗਿਆ । ਇਸ ਮੋਕੇ ਜੇਲ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਜੇਲ ਦੇ ਬਾਹਰ ਆਏ ਅਤੇ ਉਨ੍ਹਾਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਵਾਉਣ ਤੋਂ ਨਾ ਕਰ ਦਿੱਤੀ ਤਾਂ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਅਕਾਲੀਆਂ ਨਾਲ ਸਰੇਆਮ ਧੱਕੇਸ਼ਾਹੀ ਕਰ ਰਹੀ ਹੈ । ਜੇਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪੰਜਾਬ ਸਰਕਾਰ ਸਰੇਆਮ ਬਿਕਰਮ ਸਿੰਘ ਮਜੀਠੀਆ ਨਾਲ ਬਦਲਾਖੋਰੀ ਤਹਿਤ ਧੱਕੇਸ਼ਾਹੀ ਕਰ ਰਹੀ ਹੈ। ਇਸ ਧੱਕੇਸ਼ਾਹੀ ਦਾ ਜਵਾਬ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਜਰੀਏ ਦੇਣਗੇ । ਲੰਗਾਹ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੋਂ ਮਰਜ਼ੀ ਕਰ ਲਵੇ ਇਸ ਤੋਂ ਕੁੱਝ ਨਹੀਂ ਹੋਣਾ । ਜਥੇਦਾਰ ਲੰਗਾਹ ਨੇ ਕਿਹਾ ਕਿ ਜਦੋਂ ਪਰਮਾਤਮਾ ਨੇ ਇਸ ਨੂੰ ਸ੍ਰੀ ਅਕਾਲ ਤਖਤ ਤੋਂ ਥੱਲੇ ਲਾ ਦਿੱਤਾ ਹੈ ਅਤੇ ਹੁਣ ਬਿਲਕੁਲ ਹੀ ਧਰਤੀ ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਜਬੂਤ ਸੀ, ਮਜਬੂਤ ਹੈ ਤੇ ਮਜ਼ਬੂਤ ਰਹੇਗਾ। ਕੇਂਦਰ ਦੀ ਬੀ. ਜੇ. ਪੀ. ਸਰਕਾਰ ਤੇ ਹਮਲਾ ਕਰਦਿਆਂ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀ. ਜੇ. ਪੀ. ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਹੈ ਤੇ ਜਦੋਂ ਮਰਹੂਮ ਸਵਰਗੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਦੇਸ਼ ਦੇ ਵੱਖ-ਵੱਖ ਦਲਾਂ ਨੂੰ ਇਕੱਠੇ ਕਰਕੇ ਅਟਲ ਬਿਹਾਰੀ ਵਾਜਪਾਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਸੀ ਅਤੇ ਅੱਜ ਓਹੀ ਬੀ. ਜੇ. ਪੀ. ਦੇ ਆਗੂ ਅਕਾਲੀ ਭਾਜਪਾ ਦੇ ਨੌ ਮਾਸ ਦੇ ਰਿਸ਼ਤੇ ਤੋਂ ਪਾਸਾ ਵੱਟ ਰਹੇ ਹਨ । ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਤੋਂ ਇਲਾਵਾ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਮਲਪ੍ਰੀਤ ਸਿੰਘ ਕਾਕੀ, ਜਸਪ੍ਰੀਤ ਸਿੰਘ ਰਾਣਾ ਪਠਾਨਕੋਟ, ਪਰਮਵੀਰ ਸਿੰਘ ਲਾਡੀ, ਨਰਿੰਦਰ ਸਿੰਘ ਵਾੜਾ, ਹਰਦੇਵ ਸਿੰਘ ਬਾਜਵਾ ਜਿਲਾ ਪ੍ਰਧਾਨ, ਅਰਵਿੰਦਰ ਸਿੰਘ ਪਾੜਾ ਆਦਿ ਪਾਰਟੀ ਵਰਕਰ ਮੌਜੂਦ ਸਨ।ਨਵੀਂ ਜਿਲ੍ਹਾ ਜੇਲ੍ਹ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ ਨੇ ਕਿਹਾ ਕਿ ਜੇਲ ਕਾਨੂੰਨ ਮੁਤਾਬਕ ਹੀ ਅਸੀਂ ਮੁਲਾਕਾਤ ਕਰਵਾ ਰਹੇ ਹਾਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਉਹਨਾਂ ਦੇ 10 ਪਰਿਵਾਰਕ ਮੈਂਬਰਾਂ ਦਾ ਹੀ ਨਾਮ ਸ਼ਾਮਿਲ ਹੈ ਜਿਸ ਵਿੱਚ ਉਸ ਦੇ ਦੋ ਵਕੀਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸੀਂ ਜੇਲ ਪ੍ਰਸ਼ਾਸਨ ਦੇ ਨਿਯਮਾਂ ਤੋਂ ਬਾਹਰ ਹੋ ਕੇ ਕੋਈ ਵੀ ਮੁਲਾਕਾਤ ਨਹੀਂ ਕਰਵਾ ਸਕਦੇ ।