ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦਾ ਸਾਬਕਾ ਪ੍ਰਿੰਸੀਪਲ ਅਤੇ ਤਾਲਾ ਥਾਣੇ ਦਾ ਮੁਖੀ ਅਦਾਲਤ ’ਚ ਪੇਸ਼
- by Jasbeer Singh
- September 15, 2024
ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦਾ ਸਾਬਕਾ ਪ੍ਰਿੰਸੀਪਲ ਅਤੇ ਤਾਲਾ ਥਾਣੇ ਦਾ ਮੁਖੀ ਅਦਾਲਤ ’ਚ ਪੇਸ਼ ਕੋਲਕਾਤਾ : ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀਬੀਆਈ) ਵੱਲੋਂ ਕੋਲਕਾਤਾ ਸਥਿਤ ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਮੁਖੀ ਅਭਿਜੀਤ ਮੰਡਲ ਨੂੰ ਅੱਜ ਇੱਥੇ ਇਕ ਅਦਾਲਤ ’ਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਇਸ ਮਾਮਲੇ ਵਿੱਚ ਸ਼ਨਿਚਰਵਾਰ ਨੂੰ ਸੰਦੀਪ ਘੋਸ਼ ਖ਼ਿਲਾਫ਼ ਸਬੂਤਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ। ਘੋਸ਼ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਇਸ ਸਮੇਂ ਨਿਆਂਇਕ ਹਿਰਾਸਤ ’ਚ ਹੈ। ਸੀਬੀਆਈ ਨੇ ਮੰਡਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਮੰਡਲ ਨੂੰ ਸਬੂਤਾਂ ਨਾਲ ਛੇੜਛਾੜ ਕਰਨ ਅਤੇ ਐੱਫਆਈਆਰ ਦਰਜ ਕਰਨ ’ਚ ਦੇਰ ਕਰਨ ਸਣੇ ਹੋਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਆਲਦਾਹ ਅਦਾਲਤ ਵਿੱਚ ਉਨ੍ਹਾਂ ਦੀ ਹਿਰਾਸਤ ਦੀ ਅਪੀਲ ਕਰਾਂਗੇ।’ ਅਧਿਕਾਰੀਆਂ ਨੇ ਦੱਸਿਆ ਕਿ ਸਿਆਲਦਾਹ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
