

ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਗੁਜਾਰੀ ਤੋਂ ਸਾਬਕਾ ਸਕੱਤਰ ਨਾਖੁਸ਼ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤਖ਼ਤਾਂ ਸਬੰਧੀ ਮਰਯਾਦਾ ਆਪਣੇ ਸੋੜੇ ਹਿੱਤਾਂ ਦੀ ਪੂਰਤੀ ਲਈ ਛਿੱਕੇ ਨਾ ਟੰਗਣ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਰੂਪ ਵਾਲੀਆਂ ਧਰੋਹਰ ਸੰਸਥਾਵਾਂ ਹਨ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਸਾਹਿਬਾਨ ਵੱਲੋਂ ਸਾਜਿਆ ਤਖਤ ਹੈ ਜੋ ਅਜ਼ਾਦ ਪ੍ਰਭੂਸਤਾ ਦਾ ਪ੍ਰਤੀਕ ਹੈ। ਇਹ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸਿੱਖ ਪੰਥ ਦੇ ਧਾਰਮਿਕ ਤੇ ਰਾਜਸੀ ਸ਼ਕਤੀ ਦੇ ਸੋਮੇ ਹਨ। ਇਨ੍ਹਾਂ ਦੀਆਂ ਪਰੰਪਰਾਗਤ ਬਣੀਆਂ ਰਹੁਰੀਤਾਂ ਤੇ ਮਰਿਆਦਾ ਦੀ ਉਲੰਘਣਾ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜ਼ਖਮੀ ਕੀਤਾ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲੰਮਾ ਸਮਾ ਸੇਵਾ ਨਿਭਾਉਣ ਵਾਲੇ ਤਜਰਬੇਕਾਰ ਪੰਥ ਚਿੰਤਕ ਸਕੱਤਰ ਸਾਹਿਬਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸ. ਕੁਲਵੰਤ ਸਿੰਘ, ਸ. ਰਘਬੀਰ ਸਿੰਘ ਰਾਜਾਸਾਂਸੀ, ਦਿਲਮੇਘ ਸਿੰਘ, ਜੋਗਿੰਦਰ ਸਿੰਘ, ਸ. ਵਰਿਆਮ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੋੜਾ, ਸ. ਪਰਮਜੀਤ ਸਿੰਘ ਸਰੋਆ, ਸ. ਜਗਜੀਤ ਸਿੰਘ ਜੱਗੀ ਸਕੱਤਰ ਸ਼੍ਰੋ:ਗੁ:ਪ੍ਰ ਕਮੇਟੀ ਸ਼ਾਮਲ ਹੋਏ ਅਤੇ ਸ. ਮਨਜੀਤ ਸਿੰਘ ਬਾਠ, ਸ. ਤਰਲੋਚਨ ਸਿੰਘ, ਸ. ਰਮਿੰਦਰਬੀਰ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਸਾਰੇ ਰਿਟਾਇਰਡ ਸਕੱਤਰ ਸ਼੍ਰੋ:ਗੁ ਕਮੇਟੀ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ। ਇਸ ਵਿੱਚ ਸ. ਪਰਮਿੰਦਰ ਸਿੰਘ ਡੰਡੀ, ਤੇ ਬਾਪੂ ਜਸਵੰਤ ਸਿੰਘ ਵੀ ਸ਼ਾਮਲ ਹੋਏ। ਮੀਟਿੰਗ ‘ਚ ਸ਼ਾਮਲ ਹਾਜ਼ਰ ਸਕੱਤਰਾਂ ਨੇ ਇੱਕ ਲਿਖਤੀ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬੀਤੇ ਦਿਨੀ ਅਹੁਦੇ ਤੋਂ ਫਾਰਗ ਕਰਨ ਤੇ ਨਿਯੁਕਤ ਕਰਨ ਦੇ ਬਿਰਤਾਂਤ ਨੇ ਸਮੁੱਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਹੈ ਅਤੇ ਹਰ ਸਿੱਖ ਇਸ ਸਮੇਂ ਮਾਨਸਿਕ ਤੌਰ `ਤੇ ਪੀੜਾ ਮਹਿਸੂਸ ਕਰ ਰਿਹਾ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕ ਅਤੇ ਪ੍ਰਸ਼ਾਸਨਿਕ ਸ਼੍ਰੇਣੀ ਸਿੱਖੀ ਪਰੰਪਰਾਵਾਂ ਅਤੇ ਮਰਯਾਦਾ ਦੀ ਆਭਾ ਤੋਂ ਸੱਖਣੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਜਥੇਦਾਰ ਅਕਾਲ ਤਖਤ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਜਿਸ ਤਰੀਕੇ ਨਾਲ ਦੋਸ਼ ਲਾ ਕੇ ਲਾਂਭੇ ਕੀਤਾ ਗਿਆ ਹੈ ਇਹ ਗਲਤ ਹੈ, ਦੂਜਾ ਫਿਰ ਉਸੇ ਜਥੇਦਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਪਦ ਦੀ ਸੇਵਾ ਦਿਤੀ ਗਈ ਹੈ। ਮੀਟਿੰਗ `ਚ ਸ਼ਾਮਿਲ ਸਕੱਤਰਾਂ ਨੇ ਜੋਰ ਦੇ ਕੇ ਸ੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਆਪਣੇ ਹੱਥੀ ਆਪਣੀ ਜੜ੍ਹ ਪੁੱਟਣ ਦੀ ਰਿਵਾਇਤ ਦਰੁਸਤ ਨਹੀਂ ਹੈ। ਮੌਜੂਦਾ ਜਥੇਦਾਰਾਂ ਦੀ ਨਿਯੁਕਤੀ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕੀ ਮੌਜੂਦਾ ਨਵਨਿਯੁਕਤ ਜਥੇਦਾਰਾਂ ਦੇ ਜੀਵਨ ਤੇ ਸਮਾਜਿਕ ਕਾਰ ਵਿਵਹਾਰ ਦੀ ਮੁਕੰਮਲ ਪੜਤਾਲ ਕਰਕੇ ਲਾਇਆ ਗਿਆ ਹੈ? ਉਨ੍ਹਾਂ ਕਿਹਾ ਕੀ ਨਵੇਂ ਨਿਯੁਕਤ ਜਥੇਦਾਰਾਂ ਦੇ ਕਿਰਦਾਰ ਦੀ ਘੋਖ ਪੜਤਾਲ ਕਰਕੇ ਰਿਪੋਰਟ ਉਨ੍ਹਾਂ ਦੀ ਫਾਈਲ ਵਿੱਚ ਸ਼ਾਮਿਲ ਕੀਤੀ ਹੈ, ਉਨ੍ਹਾਂ ਕਿਹਾ ਬੇਹੱਦ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨ ਚਾਹੇ ਤਰੀਕੇ ਨਾਲ ਕਾਬਜ ਅਕਾਲੀ ਦਲ ਧੜਾ ਬਹੁਤ ਹੀ ਬੇਸਮਝੀ ਤੇ ਬੇਕਿਰਕੀ ਢੰਗ ਨਾਲ ਵਰਤ ਰਿਹਾ ਹੈ । ਇਸ ਤਰ੍ਹਾਂ ਦੇ ਵਰਤਾਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਸ੍ਰੋ:ਗੁ:ਪ੍ਰ ਕਮੇਟੀ ਦੀ ਸਾਖ਼ ਨੂੰ ਭਾਰੀ ਠੇਸ ਵੱਜੀ ਹੈ। ਉਨ੍ਹਾਂ ਕਿਹਾ ਕਿ ਕਿੰਨੇ ਜਥੇਦਾਰ ਸਾਹਿਬਾਨ, ਕਿੰਨੇ ਸ਼੍ਰੋਮਣੀ ਕਮੇਟੀ ਪ੍ਰਧਾਨ, ਕਿੰਨੇ ਸਕੱਤਰ ਇਸ ਧੱਕੋਜੋਰੀ ਵਾਲੇ ਅਕਾਲੀ ਦਲ ਦੇ ਸ਼ਿਕਾਰ ਹੋਏ ਹਨ। ਕਾਬਜ ਅਕਾਲੀ ਦਲ ਧੜਾ ਗਲਤੀਆਂ ਕਰ ਕਰਵਾ ਰਿਹਾ ਹੈ ਪਰ ਭੁਗਤਾਨ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਭਾ ਮਾਣ ਮਰਿਆਦਾ ਨੂੰ ਭੁਗਤਣਾ ਪਿਆ ਹੈ ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਇਹ ਵਾਪਰ ਰਹੇ ਦੁਖਦਾਈ ਤੇ ਅਫਸੋਸਜਨਕ ਕਾਡਾਂ ਦਾ ਇਤਿਹਾਸ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਅੰਦਰ ਨਮੋਸ਼ੀ ਭਰੇ ਲਹਿਜੇ ਵਿਚ ਦਰਜ ਹੋਵੇਗਾ। ਉਨ੍ਹਾਂ ਮੰਗ ਕਰਦਿਆਂ ਕਿਹਾ ਸ੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਫਾਰਗ ਕਰਨ ਅਤੇ ਵਰਤੀ ਗਈ ਮੰਦੀ ਅਪਮਾਨ ਜਨਕ ਸ਼ਬਦਾਵਲੀ ਵਾਲੇ ਮਤੇ ਤੁਰੰਤ ਵਾਪਸ ਲਏ ਜਾਣ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ, ਸੋ਼੍ਰਮਣੀ ਕਮੇਟੀ ਵਿੱਚ ਰਹਿ ਕੇ ਇਹਨਾਂ ਸੰਸਥਾਵਾਂ ਦੀਆਂ ਉੱਚੀਆਂ ਕਦਰਾਂ ਕੀਮਤਾਂ ਨੂੰ ਬਹਾਲ ਕਰ ਕਰਵਾ ਸਕਦੇ ਹਨ। ਉਹਨਾਂ ਨੂੰ 17 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਪ੍ਰਧਾਨਗੀ ਸੰਭਾਲ ਕੇ ਪੰਥ ਖਾਤਰ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ ਅਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਦੀ ਇਨ ਬਿਨ ਪਾਲਣਾ ਕੀਤੀ ਕਰਵਾਈ ਜਾਵੇ। ਉਨ੍ਹਾਂ ਕਿਹਾ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਈ ਤੇ ਜਿਸਨੇ ਸ੍ਰੀ ਅਕਲ ਤਖ਼ਤ ਸਾਹਿਬ ਦੀ ਖੜਗ ਭੁਜਾ ਬਣ ਕੇ ਤਖਤ ਸਾਹਿਬ ਦੇ ਗੁਰਮਤੇ ਲਾਗੂ ਕਰਵਾਉਣ ਦੀ ਭੂਮਿਕਾ ਨਿਭਾਉਣੀ ਸੀ, ਉਹ ਰਾਜਨੀਤਕ ਸ਼ਕਤੀ ਵਿੱਚ ਮਦਹੋਸ਼ ਅਕਾਲੀ ਦਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਮਤਿਆਂ ਨੂੰ ਮੰਨਣ ਤੋ ਇਨਕਾਰੀ ਹੈ। ਨਵਾਬੀਆਂ ਨੂੰ ਜੁੱਤੀ ਦੀ ਨੋਕ ਤੇ ਰੱਖਣ ਵਾਲੇ ਸ਼ਾਨਾਮੱਤੇ ਇਤਿਹਾਸ ਦੇ ਵਾਰਿਸ ਅਖਵਉਣ ਵਾਲੇ ਹੀ ਅੱਜ ਸਿਆਸੀ ਲਾਲਸਾਵਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਖੜੇ ਹਨ। ਕਾਬਜ ਧਿਰ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ, ਮਰਯਾਦਾ ਨੂੰ ਕਾਇਮ ਰੱਖਣ ਵਿੱਚ ਅਸਮਰਥ ਸਾਬਤ ਹੋਈ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.