ਗੜ੍ਹਸ਼ੰਕਰ ਦੇ ਨੌਜਵਾਨ ਦੀ ਸਾਊਦੀ ਅਰਬ `ਚ ਭੇਤਭਰੀ ਹਾਲਤ `ਚ ਮੌਤ, ਪਰਿਵਾਰ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
- by Jasbeer Singh
- July 13, 2024
ਗੜ੍ਹਸ਼ੰਕਰ ਦੇ ਨੌਜਵਾਨ ਦੀ ਸਾਊਦੀ ਅਰਬ `ਚ ਭੇਤਭਰੀ ਹਾਲਤ `ਚ ਮੌਤ, ਪਰਿਵਾਰ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ ਇੱਕ 26 ਸਾਲਾਂ ਨੌਜਵਾਨ ਦੀ ਸਾਊਦੀ ਅਰਬ ਦੇ ਵਿੱਚ ਭੇਤਭਰੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਪਰਿਵਾਰ ਨੇ ਦੇਹ ਨੂੰ ਪਿੰਡ ਲਿਆਉਣ ਲਈ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵਿਦੇਸ਼ ਦਾ ਰੁਖ਼ ਕਰ ਰਹੇ ਹਨ। ਗੜ੍ਹਸ਼ੰਕਰ ਦੇ ਨੇੜਲੇ ਪਿੰਡ ਗੋਲੀਆਂ ਦੇ ਪਰਮਦੀਪ ਸਿੰਘ ਥਿੰਦ ਉਮਰ 26 ਸਾਲ ਪੁੱਤਰ ਪਰਮਜੀਤ ਸਿੰਘ ਥਿੰਦ ਦੀ ਸਾਊਦੀ ਅਰਬ ਵਿੱਚ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ ਹੈ, ਜਿਸਦੇ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰਮਦੀਪ ਸਿੰਘ ਦੇ ਤਾਇਆ ਅਵਤਾਰ ਸਿੰਘ ਅਤੇ ਭੈਣ ਦਲਵੀਰ ਕੌਰ ਤੇ ਜਸਵਿੰਦਰ ਕੌਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਰਮਦੀਪ ਸਿੰਘ ਰੋਜ਼ਗਾਰ ਦੀ ਭਾਲ ਵਿੱਚ 30 ਨਵੰਬਰ 2023 ਨੂੰ ਸਾਊਦੀ ਅਰਬ ਗਿਆ ਸੀ, ਉੱਥੇ ਉਹ ਡਰਾਈਵਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਤੇ ਸੂਚਨਾ ਮਿਲੀ ਕਿ ਪਰਮਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਰਮਦੀਪ ਸਿੰਘ ਥਿੰਦ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰਕ ਮੈਬਰਾਂ ਨੇ ਭਾਰਤ ਸਰਕਾਰ ਤੋਂ ਦੇਹ ਪਿੰਡ ਲਿਆਉਣ ਦੀ ਮੰਗ ਕੀਤੀ ਹੈ ਤਾਕਿ ਪਰਮਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
