
ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ਵਿਚ ਰਾਜਪਾਲ ਕੋਲ ਜ਼ਮੀਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ : ਮਜੀਠੀਆ
- by Jasbeer Singh
- November 19, 2024

ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ਵਿਚ ਰਾਜਪਾਲ ਕੋਲ ਜ਼ਮੀਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ : ਮਜੀਠੀਆ ਚੰਡੀਗੜ੍ਹ : ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿਖੇ ਜ਼ਮੀਨ ਦੇਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ’ਤੇ ਟਿੱਪਣੀ ਕਰਦਿਆਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਕਤਲੋਗਾਰਤ ਹੋ ਜਾਵੇਗੀ । ਮਜੀਠੀਆ ਨੇ ਕਿਹਾ ਕਿ ਐੱਸ. ਵਾਈ. ਐੱਲ. (ਸਤਲੁਜ ਯਮਨਾ ਲਿੰਕ ਨਹਿਰ) ਵੇਲੇ ਹਾਲਾਤ ਮਾੜੇ ਹੋ ਗਏ ਸਨ, ਜਿਸਦਾ ਪੰਜਾਬੀਆਂ, ਪੰਜਾਬ ਤੇ ਦੇਸ਼ ਨੂੰ ਵੱਡਾ ਨੁਕਸਾਨ ਹੋਇਆ । ਮਜੀਠੀਆ ਨੇ ਸਖ਼ਤ ਲਹਿਜ਼ੇ ਵਿਚ ਰਾਜਪਾਲ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨ੍ਹਾਂ (ਰਾਜਪਾਲ) ਕੋਲ ਜ਼ਮੀਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ । ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ, ਪੰਜਾਬੀਆਂ ਨੂੰ ਚੰਡੀਗੜ੍ਹ ਨਾਲ ਭਾਵਨਾਤਮਕ ਮੋਹ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਿਕ ਕਿਸੇ ਸੂਬੇ ਦੀ ਹੱਦਬੰਦੀ ਬਦਲਣ ਦਾ ਅਧਿਕਾਰ ਸੰਸਦ ਕੋਲ ਹੈ । ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਦਬਾਅ ਹੇਠ ਸੰਵਿਧਾਨ ਮੁਤਾਬਿਕ ਕੇਂਦਰੀ ਗ੍ਰਹਿ ਮੰਤਰੀ ਨਾਲ ਸਮਝੌਤਾ ਕੀਤਾ ਹੈ । ਉਨ੍ਹਾਂ ਕਿਹਾ ਕਿ 1966 ਵਿਚ ਹੋਏ ਫੈਸਲਿਆਂ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਭਾਰਤ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਵੋਟਾਂ ਖਾਤਰ ਹਿੰਦੂ ਤੇ ਸਿੱਖਾਂ ਵਿਚ ਨਫ਼ਰਤ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਕ ਘਟਨਾ ਨੂੰ ਲੈ ਕੇ ਹਿੰਦੂ ਦੇ ਹੱਥ ਵਿਚ ਤਿਰੰਗਾ ਤੇ ਸਿੱਖ ਦੇ ਹੱਥ ਵਿਚ ਖ਼ਾਲਿਸਤਾਨੀ ਝੰਡੇ ਵਾਲੀ ਫੋਟੋ ਵਾਇਰਲ ਕੀਤੀ ਜਾ ਰਹੀ ਹੈ । ਇਸ ਨਾਲ ਦੋ ਫਿਰਕਿਆਂ ਵਿਚ ਨਫ਼ਰਤ ਵਧੇਗੀ । ਇਸ ਫੋਟੋ ’ਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸਰਬੱਤ ਦਾ ਭਲ਼ਾ ਮੰਗਦਾ ਹੈ ਅਤੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਹਨ। ਮਜੀਠੀਆ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਪ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ । ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਦੋ ਹਫ਼ਤਿਆਂ ਵਿਚ ਫੈਸਲਾ ਲੈਣ ਦੀ ਤਾਕੀਦ ਕੀਤੀ ਸੀ, ਪਰ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ । ਉਨ੍ਹਾਂ ਕਿਹਾ ਕਿ ਪਿਛਲੇ 16 ਸਾਲਾਂ ਤੋਂ ਰਾਜੋਆਣਾ ਫਾਂਸੀ ਵਾਲੀ ਚੱਕੀ ਵਿਚ ਬੰਦ ਹੈ । ਰਾਜੋਆਣਾ ਇਸ ’ਤੇ ਫੈਸਲਾ ਲੈਣ ਦੀ ਮੰਗ ਕਰ ਰਿਹਾ ਹੈ ਕਿ ਇਕ ਪਾਸੇ ਫੈਸਲਾ ਲਿਆ ਜਾਵੇ। ਜੇਕਰ ਫਾਂਸੀ ਲਾਉਣੀ ਤਾਂ ਲਾ ਦਿੱਤੀ ਜਾਵੇ ਪਰ 16 ਸਾਲਾਂ ਤੋਂ ਕਿਉਂ ਫਾਂਸੀ ਵਾਲੀ ਚੱਕੀ ਵਿਚ ਬੰਦ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ । ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਬਾਈਕਾਟ ਕੀਤਾ ਹੈ। ਡੇਰਾ ਬਾਬਾ ਨਾਨਕ ਹਲਕੇ ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਆਪ ਉਮੀਦਵਾਰ ਦੀ ਮੱਦਦ ਕਰਨ ਦੇ ਐਲਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਕਿਸੇ ਦੀ ਮੱਦਦ ਨਹੀਂ ਕਰ ਰਿਹਾ ਹੈ। ਇਹ ਲੰਗਾਹ ਦਾ ਨਿੱਜੀ ਫੈਸਲਾ ਹੋ ਸਕਦਾ ।
Related Post
Popular News
Hot Categories
Subscribe To Our Newsletter
No spam, notifications only about new products, updates.