
ਧੰਨਵਾਦੀ ਪ੍ਰੋਗਰਾਮ: ਜੀਤਮਹਿੰਦਰ ਸਿੱਧੂ ਦੀ ਜ਼ੁਬਾਨ ’ਤੇ ਆਇਆ ਦਿਲ ਦਾ ਦਰਦ
- by Aaksh News
- June 14, 2024

ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਹੇ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਇੱਥੇ ਰੱਖੇ ਧੰਨਵਾਦੀ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਦਿਲ ਦਾ ਦਰਦ ਜ਼ੁਬਾਨ ’ਤੇ ਗਿਆ। ਆਪਣੀ ਭਾਵੁਕ ਤਕਰੀਰ ਦੌਰਾਨ ਸ੍ਰੀ ਸਿੱਧੂ ਨੇ ਆਪਣੀ ਕਿਸਮਤ ਸਣੇ ਹਾਰ ਦਾ ਸਬੱਬ ਬਣੇ ‘ਹਮਾਇਤੀਆਂ’ ਨੂੰ ਵੀ ਰਗੜੇ ਲਾਏ। ਉਨ੍ਹਾਂ ਕਿਹਾ, ‘ਮੇਰੀ ਕਿਸਮਤ ਵਿੱਚ ਭਾਵੇਂ ਲੋਕ ਸਭਾ ਮੈਂਬਰ ਬਣਨਾ ਨਹੀਂ ਲਿਖਿਆ ਸੀ ਪਰ ਮੈਨੂੰ ਮਾਣ ਹੈ ਉਸ ਇਕੱਲੇ-ਇਕੱਲੇ ਵਰਕਰ ’ਤੇ ਜਿਸ ਨੇ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਕੰਮ ਕੀਤਾ ਅਤੇ ਜਿਹੜੇ ਵਰਕਰਾਂ ਨੇ ਹਾਰ ਲਈ ਡਿਊਟੀ ਨਿਭਾਈ ਉਹ ਵੀ ਸਾਰਾ ਧਿਆਨ ਵਿੱਚ ਹੈ। ਮੇਰੀ ਪਤਨੀ, ਬੇਟੇ, ਨੂੰਹ ਅਤੇ ਬੇਟੀ ਨੇ ਵੀ ਬੇਤਹਾਸ਼ਾ ਗਰਮੀ ਵਿੱਚ ਜਿੱਤ ਦੀ ਉਮੀਦ ਨਾਲ ਕੰਮ ਕੀਤਾ ਪਰ ਉਨ੍ਹਾਂ ਦਾ ਵੀ ਹੌਸਲਾ ਟੁੱਟਿਆ ਹੈ। ਖੈਰ ਪਰਮਾਤਮਾ ਦੀ ਮਰਜ਼ੀ ਅੱਗੇ ਕੋਈ ਜ਼ੋਰ ਨਹੀਂ।’’ ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਇੱਕ ਪਰਿਵਾਰ ਦੇ ਤੌਰ ’ਤੇ ਕੰਮ ਕਰਨ ਲਈ ਅੱਗੇ ਆਉਣ। ਉਨ੍ਹਾਂ ਅਹਿਦ ਕੀਤਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਉਹ ਹਮੇਸ਼ਾ ਕੰਮ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਨਿਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਲਈ ਉਹ ਸਦਾ ਰਿਣੀ ਰਹਿਣਗੇ ਅਤੇ ਪੂਰਾ ਸਿੱਧੂ ਪਰਿਵਾਰ ਲੋਕਾਂ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਲੋਕ ਸਭਾ ਹਲਕਾ ਵਿਚਲੇ ਨੌਂ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨੂੰ ਛੇਤੀ ਮਿਲ ਕੇ ਸਭਨਾਂ ਦਾ ਧੰਨਵਾਦ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ 2027 ਲਈ ਕਾਂਗਰਸ ਪਾਰਟੀ ਨੂੰ ਲੋਕ ਸਭਾ ਹਲਕਾ ਬਠਿੰਡਾ ਵਿੱਚ ਮਜ਼ਬੂਤ ਕਰਨ ਲਈ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ ਅਤੇ ਜਿਨ੍ਹਾਂ ਵਰਕਰਾਂ ਨੇ ਮਿਹਨਤ ਕੀਤੀ, ਉਨ੍ਹਾਂ ਨੂੰ ਅੱਗੇ ਲਿਆਉਣ ਲਈ ਯਤਨ ਕਰਾਂਗੇ। ਇਸ ਇਕੱਠ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਇੰਪਰੂਵਮੈਂਟ ਟਰਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਪਵਨ ਮਾਨੀ, ਹਰਵਿੰਦਰ ਲੱਡੂ, ਅਸ਼ੋਕ ਕੁਮਾਰ, ਰਮੇਸ਼ ਰਾਣੀ, ਟਹਿਲ ਸਿੰਘ ਸੰਧੂ, ਟਹਿਲ ਸਿੰਘ ਬੁੱਟਰ, ਮਾ. ਹਰਮੰਦਰ ਸਿੰਘ, ਬਲਜਿੰਦਰ ਸਿੰਘ ਠੇਕੇਦਾਰ, ਕਮਲਜੀਤ ਭੰਗੂ, ਸੋਨੂੰ ਐਮਸੀ, ਸੰਜੀਵ ਬਬਲੀ, ਭਗਵਾਨ ਦਾਸ ਭਾਰਤੀ, ਰਜਿੰਦਰ ਸਿੰਘ, ਬਲਜੀਤ ਸਿੰਘ, ਅਰੁਣ ਵਧਾਵਨ, ਪ੍ਰੀਤ ਸ਼ਰਮਾ, ਸੁਸ਼ੀਲ ਕੁਮਾਰ, ਅਸ਼ੀਸ਼ ਕਪੂਰ, ਸੰਜੀਵ ਬੌਬੀ, ਸੁਰਿੰਦਰਜੀਤ ਸਿੰਘ ਸਾਹਨੀ ਆਦਿ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.