ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਜਿੱਤਣ ਵਾਲੀ ਭਾਜਪਾ ਐਤਕੀਂ ਸਿਰਫ਼ 5 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ ਹੈ। ਇਸ ਦੇ ਨਾਲ ਹੀ ਭਾਜਪਾ ਦੇ ਵੋਟ ਫੀਸਦ ਵਿੱਚ ਵੀ 12 ਫ਼ੀਸਦ ਦੀ ਕਟੌਤੀ ਦਰਜ ਕੀਤੀ ਗਈ ਹੈ। ਭਾਜਪਾ ਨੂੰ ਇਸ ਵਾਰ 46 ਫ਼ੀਸਦ ਦੇ ਕਰੀਬ ਵੋਟਾਂ ਪਈਆਂ ਹਨ, ਜਦੋਂ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ 58 ਫ਼ੀਸਦ ਵੋਟ ਪਈ ਸੀ। ਇਸੇ ਤਰ੍ਹਾਂ ਕਾਂਗਰਸ ਨੂੰ 44 ਫ਼ੀਸਦ ਵੋਟਾਂ ਪਈਆਂ ਹਨ, ਜਦੋਂ ਕਿ ਪਿਛਲੀ ਚੋਣਾਂ ਵਿੱਚ 28 ਫ਼ੀਸਦ ਵੋਟਾਂ ਪਈਆਂ ਸਨ। ਭਾਜਪਾ ਹਰਿਆਣਾ ’ਚ ਕਰਨਾਲ, ਕੁਰੂਕਸ਼ੇਤਰ, ਫਰੀਦਾਬਾਦ, ਗੁਰੂਗ੍ਰਾਮ ਅਤੇ ਭਿਵਾਨੀ-ਮਹਿੰਦਰਗੜ੍ਹ ਸੀਟਾਂ ’ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ ਜਦੋਂ ਕਿ ਕਾਂਗਰਸ ਪਾਰਟੀ ਅੰਬਾਲਾ, ਸੋਨੀਪਤ, ਹਿਸਾਰ, ਸਿਰਸਾ ਅਤੇ ਰੋਹਤਕ ਦੀ ਸੀਟ ’ਤੇ ਜਿੱਤ ਗਈ ਹੈ। ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚੋਂ ਜੇਜੇਪੀ ਤੇ ਇਨੈਲੋ ਦਾ ਵੀ ਸਫਾਇਆ ਹੋ ਗਿਆ ਹੈ। ਰੋਹਤਕ ਤੋਂ ਕਾਂਗਰਸੀ ਉਮੀਦਵਾਰ ਦੀਪੇਂਦਰ ਹੁੱਡਾ ਨੇ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ 3.5 ਲੱਖ ਦੇ ਕਰੀਬ ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਡਾ. ਅਰਵਿੰਦ ਕੁਮਾਰ ਸ਼ਰਮਾ ਨੂੰ ਹਰਾਇਆ। ਕਰਨਾਲ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 2.20 ਲੱਖ ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ ਹਰਾ ਦਿੱਤਾ ਹੈ। ਸਿਰਸਾ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ 7,33,823 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ 2,68,497 ਵੋਟਾਂ ਦੇ ਫਰਕ ਨਾਲ ਹਰਾਇਆ। ਤੰਵਰ ਨੂੰ 4,65,326 ਵੋਟਾਂ ਪਈਆਂ। ਗੁਰੂਗ੍ਰਾਮ ਤੋਂ ਕਾਂਗਰਸੀ ਉਮੀਦਵਾਰ ਤੇ ਫਿਲਮ ਅਦਾਕਾਰ ਰਾਜ ਬੱਬਰ ਵੀ ਭਾਜਪਾ ਉਮੀਦਵਾਰ ਰਾਓ ਇੰਦਰਜੀਤ ਸਿੰਘ ਤੋਂ 73 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ ਹਨ। ਭਿਵਾਨੀ ਮਹਿੰਦਰਗੜ੍ਹ ਤੋਂ ਭਾਜਪਾ ਉਮੀਦਵਾਰ ਧਰਮਬੀਰ ਸਿੰਘ 5,82,735 ਵੋਟਾਂ ਹਾਸਲ ਕਰਕੇ ਜੇਤੂ ਰਹੇ। ਕੁਰੂਕਸ਼ੇਤਰ ਤੋਂ ‘ਇੰਡੀਆ’ ਗਠਜੋੜ ਵੱਲੋਂ ਚੋਣ ਮੈਦਾਨ ਵਿੱਚ ਨਿਤਰੇ ਡਾ. ਸੁਸ਼ੀਲ ਗੁਪਤਾ ਵੀ ਭਾਜਪਾ ਉਮੀਦਵਾਰ ਨਵੀਨ ਜਿੰਦਲ ਤੋਂ 29 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ। ਫਰੀਦਾਬਾਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਗੁੱਜਰ 1.73 ਲੱਖ ਵੋਟਾਂ ਨਾਲ ਜੇਤੂ ਰਹੇ। ਹਿਸਾਰ ਤੋਂ ਕਾਂਗਰਸੀ ਉਮੀਦਵਾਰ ਜੈ ਪ੍ਰਕਾਸ਼ ਸਿੰਘ, ਸੋਨੀਪਤ ਤੋਂ ਕਾਂਗਰਸੀ ਉਮੀਦਵਾਰ ਸੱਤਪਾਲ ਬ੍ਰਹਮਚਾਰੀ, ਅੰਬਾਲਾ ਤੋਂ ਕਾਂਗਰਸੀ ਉਮੀਦਵਾਰ ਵਰੁਣ ਚੌਧਰੀ ਨੇ ਬੰਤੋ ਕਟਾਰੀਆ ਨੂੰ 49036 ਵੋਟਾਂ ਦੇ ਫਰਕ ਨਾਲ ਹਰਾਇਆ। ਕਰਨਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਨਾਇਬ ਸਿੰਘ ਸੈਣੀ ਨੇ 41540 ਵੋਟਾਂ ਦੇ ਫਰਕ ਨਾਲ ਜਿੱਤੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.