July 6, 2024 01:58:09
post

Jasbeer Singh

(Chief Editor)

National

ਚੰਡੀਗੜ੍ਹੀਆਂ ਨੇ ਮਿਲਾਇਆ ਤਿਵਾੜੀ ਨਾਲ ‘ਹੱਥ’

post-img

ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਲਗਾਤਾਰ ਦੋ ਵਾਰ ਤੋਂ ਜਿਤਦੀ ਰਹੀ ਭਾਜਪਾ ਦਾ ਅੱਜ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ‘ਆਪ’ ਤੇ ਸਪਾ ਦੀ ਹਮਾਇਤ ਨਾਲ ਸਫ਼ਾਇਆ ਕਰ ਦਿੱਤਾ ਹੈ। ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਫਸਵੀਂ ਟੱਕਰ ਤੋਂ ਬਾਅਦ 2,16,657 ਵੋਟਾਂ ਹਾਸਲ ਕਰ ਕੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 2504 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ, ਟੰਡਨ ਨੂੰ 2,14,153 ਵੋਟਾਂ ਪਈਆਂ ਹਨ। ਉੱਧਰ ਚੋਣ ਕਮਿਸ਼ਨ ਵੱਲੋਂ ਫ਼ੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਵੋਟਾਂ ਦੀ ਮੁੜ ਗਿਣਤੀ ਕਰਵਾਉਣ ਦੀ ਮੰਗ ਕੀਤੀ, ਜਿਸ ਕਰ ਕੇ ਹਾਲਾਤ ਤਣਾਅ ਵਾਲੇ ਬਣ ਗਏ। ਇਸ ਦੌਰਾਨ ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਸਾਰੇ ਸ਼ੰਕੇ ਦੂਰ ਕੀਤੇ ਤੇ ਸੰਜੇ ਟੰਡਨ ਨੇ ਆਪਣੀ ਹਾਰ ਮੰਨੀ। ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਪਹਿਲੀ ਜੂਨ ਨੂੰ ਹੋਈ ਸੀ ਤੇ ਸ਼ਹਿਰ ਦੇ 4,48,547 ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਸੀ। ਵੋਟਾਂ ਦੀ ਗਿਣਤੀ ਅੱਜ ਸੈਕਟਰ-26 ਵਿੱਚ ਸਥਿਤ ਸੀਸੀਈਟੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਗਈ। ਅੱਜ ਗਿਣਤੀ ਦੌਰਾਨ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਪਹਿਲੇ ਰਾਊਂਡ ਤੋਂ ਹੀ ਅੱਗੇ ਰਹੇ। ਇਸੇ ਤਰ੍ਹਾਂ ਸ੍ਰੀ ਤਿਵਾੜੀ ਨੇ 7ਵੇਂ ਰਾਊਂਡ ਤੱਕ ਸ੍ਰੀ ਟੰਡਨ ਤੋਂ 10,485 ਵੋਟਾਂ ਅੱਗੇ ਚੱਲ ਰਹੇ ਸਨ। ਉਸ ਤੋਂ ਬਾਅਦ ਸ੍ਰੀ ਟੰਡਨ ਦੀਆਂ ਵੋਟਾਂ ਵਧਣ ਕਰ ਕੇ ਤਿਵਾੜੀ ਦੀ ਲੀਡ ਘਟਣੀ ਸ਼ੁਰੂ ਹੋ ਗਈ। ਆਖੀਰ ਵਿਚ ਮਨੀਸ਼ ਤਿਵਾੜੀ 2504 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਸਾਲ 2014 ਤੇ 2019 ਵਿੱਚ ਸੰਸਦ ਮੈਂਬਰ ਕਿਰਨ ਖੇਰ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਕਾਂਗਰਸ ਪਾਰਟੀ ਨੇ ਸ੍ਰੀ ਬਾਂਸਲ ਦੀ ਟਿਕਟ ਕੱਟ ਕੇ ਮਨੀਸ਼ ਤਿਵਾੜੀ ਨੂੰ ਉਮੀਦਵਾਰ ਐਲਾਨ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਕਾਂਗਰਸ ਦੀ ਟਿਕਟ ’ਤੇ ਸਾਲ 2009 ਵਿੱਚ ਲੋਕ ਸਭਾ ਹਲਕਾ ਲੁਧਿਆਣਾ ਅਤੇ ਸਾਲ 2019 ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਮੇਰੀ ਨਹੀਂ ‘ਇੰਡੀਆ’ ਗੱਠਜੋੜ ਤੇ ਵਰਕਰਾਂ ਦੀ ਜਿੱਤ: ਤਿਵਾੜੀ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਉਸ ਦੀ ਨਹੀਂ ਬਲਕਿ ‘ਇੰਡੀਆ’ ਗੱਠਜੋੜ ਤੇ ਸਾਰੇ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣਗੇ। ਸ੍ਰੀ ਤਿਵਾੜੀ ਨੇ ਆਪਣੇ ਵਿਰੋਧੀ ਸੰਜੇ ਟੰਡਨ ਬਾਰੇ ਕਿਹਾ ਕਿ ਉਹ ਬਹੁਤ ਵਧੀਆਂ ਤੇ ਸ਼ਾਂਤ ਇਨਸਾਨ ਹਨ, ਜਿਨ੍ਹਾਂ ਨੇ ਬਹੁਤ ਚੰਗੇ ਢੰਗ ਨਾਲ ਚੋਣ ਲੜੀ ਹੈ। ਲੋਕਾਂ ਦਾ ਫ਼ਤਵਾ ਮਨਜ਼ੂਰ: ਸੰਜੇ ਟੰਡਨ ਗਿਣਤੀ ਕੇਂਦਰ ਤੋਂ ਆਪਣੇ ਸਮਰਥਕਾਂ ਸਣੇ ਵਾਪਸ ਜਾਂਦੇ ਹੋਏ ਭਾਜਪਾ ਉਮੀਦਵਾਰ ਸੰਜੇ ਟੰਡਨ। -ਫੋਟੋ: ਪ੍ਰਦੀਪ ਤਿਵਾੜੀ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਭਾਜਪਾ ਆਗੂਆਂ ਵੱਲੋਂ ਵੋਟਾਂ ਦੀ ਮੁੜ ਗਿਣਤੀ ਦੀ ਮੰਗ ਬਾਰੇ ਕਿਹਾ ਕਿ ਉਨ੍ਹਾਂ ਨੂੰ ਕੁਝ ਸ਼ੰਕੇ ਸਨ, ਜਿਸ ਨੂੰ ਚੋਣ ਕਮਿਸ਼ਨ ਨੂੰ ਦੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਦਾ ਜੋ ਫ਼ੈਸਲਾ ਹੈ ਉਹ ਉਸ ਨੂੰ ਮਨਜ਼ੂਰ ਹੈ। ਉਹ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ। 17 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਕੁੱਲ 19 ਉਮੀਦਵਾਰਾਂ ਵਿੱਚੋਂ 17 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਸ ਵਿੱਚ ਬਸਪਾ ਦੀ ਉਮੀਦਵਾਰ ਡਾ. ਰਿਤੂ ਸਿੰਘ ਤੇ ਹੋਰ ਸ਼ਾਮਲ ਹਨ। ਡਾ. ਰਿਤੂ ਸਿੰਘ ਨੂੰ 6708, ਆਜ਼ਾਦ ਉਮੀਦਵਾਰ ਲਖਵੀਰ ਸਿੰਘ ਅਲਿਆਸ ਕੋਟਲਾ ਨੂੰ 2626, ਅਖਿਲ ਭਾਰਤੀ ਪਰਿਵਾਰ ਪਾਰਟੀ ਦੇ ਦੀਪਾਂਸ਼ੂ ਸ਼ਰਮਾ ਨੂੰ 1068, ਹਰਿਆਣਾ ਜਨਸੈਨਾ ਪਾਰਟੀ ਦੇ ਸਨੀਲ ਖਮਨ ਨੂੰ 577, ਸੈਨਿਕ ਸਮਾਜ ਪਾਰਟੀ ਦੀ ਰਾਜਿੰਦਰ ਕੌਰ ਨੂੰ 217 ਅਤੇ ਸੁਪਰ ਪਾਵਰ ਇੰਡੀਆ ਪਾਰਟੀ ਦੇ ਰਾਜ ਪ੍ਰਿੰਸ ਸਿੰਘ ਨੂੰ 205 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਰਣਪ੍ਰੀਤ ਸਿੰਘ ਨੂੰ 1054, ਵਿਨੋਦ ਕੁਮਾਰ ਨੂੰ 683, ਬਲਜੀਤ ਸਿੰਘ ਲਾਡੀ ਨੂੰ 436, ਸੁਨੀਲ ਕੁਮਾਰ ਨੂੰ 321, ਪ੍ਰਤਾਪ ਸਿੰਘ ਰਾਣਾ ਨੂੰ 307, ਮਹੰਤ ਰਵੀ ਕਾਂਤ ਮੁਨੀ ਨੂੰ 295, ਵਿਵੇਕ ਸ਼ਰਮਾ ਨੂੰ 294, ਪਿਆਰ ਚੰਦ ਨੂੰ 255, ਕਿਸ਼ੋਰ ਕੁਮਾਰ ਨੂੰ 239, ਪੁਸ਼ਪਿੰਦਰ ਸਿੰਘ ਲਵਲੀ ਨੂੰ 154 ਅਤੇ ਕੁਲਦੀਪ ਰਾਏ ਹੈਪੀ ਨੂੰ 114 ਵੋਟਾਂ ਪਈਆਂ ਸਨ। ਹਾਲਾਂਕਿ ਚੰਡੀਗੜ੍ਹ ਦੇ 2912 ਲੋਕਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ ਹੈ।

Related Post