

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਅੱਜ ਕਰਨਾਲ ਦੇ ਵਿਧਾਇਕ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸੈਣੀ ਨੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵਿਧਾਨ ਸਭਾ ਹਲਕਾ ਕਰਨਾਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਜ਼ਿਮਨੀ ਚੋਣ ਲੜੀ, ਜਿੱਥੇ ਉਨ੍ਹਾਂ ਕਾਂਗਰਸੀ ਉਮੀਦਵਾਰ ਤਰਲੋਜਨ ਸਿੰਘ ਨੂੰ 40 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠ ਦੇ ਸਹਾਰੇ ਸੂਬੇ ਦੀਆਂ 5 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕੀਤੀ। ਵਿਰੋਧੀ ਧਿਰ ਨੇ ਐੱਸਸੀ ਸਮਾਜ ਵਿੱਚ ਭਾਜਪਾ ਵੱਲੋਂ ਰਾਖਵਾਂਕਰਨ ਖਤਮ ਕਰਨ ਸਬੰਧੀ ਅਤੇ ਸੰਵਿਧਾਨ ਖਤਰੇ ਵਿੱਚ ਹੋਣ ਬਾਰੇ ਝੂਠ ਫੈਲਾਇਆ। ਕਾਂਗਰਸ ਨੇ ਅੱਜ ਤੱਕ ਦੇਸ਼ ਵਿੱਚ ਗਰੀਬ ਵਰਗ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ, ਪਰ ਅੱਜ ਇਹ ਪਾਰਟੀ ਇਕ ਝਟਕੇ ਵਿੱਚ ਦੇਸ਼ ਵਿੱਚੋਂ ਗਰੀਬੀ ਖਤਮ ਕਰਨ ਦਾ ਹਵਾਲਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਹਰਿਆਣਾ ਦੇ ਘਰ-ਘਰ ਤੱਕ ਜਾਣਗੇ ਅਤੇ ਕਾਂਗਰਸ ਪਾਰਟੀ ਵੱਲੋਂ ਬੋਲੇ ਗਏ ਝੂਠ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ 9 ਸਾਲਾਂ ਵਿੱਚ ਡਬਲ ਇੰਜਣ ਸਰਕਾਰ ਨੇ ਸੂਬੇ ਵਿੱਚ ਵਿਕਾਸ ਕੀਤਾ ਹੈ। ਇਸ ਦੌਰਾਨ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਹੋ ਗਿਆ ਹੈ ਅਤੇ ਸੂਬੇ ਦਾ ਹਰ ਪੱਖ ਤੋਂ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਸੰਵਿਧਾਨ ਦੀ ਬੇਅਦਬੀ ਕੀਤੀ ਹੈ, ਜਦੋਂ ਕਿ ਭਾਜਪਾ ਸ਼ੁਰੂ ਤੋਂ ਸੰਵਿਧਾਨ ਦਾ ਸਨਮਾਨ ਕਰਦੀ ਆ ਰਹੀ ਹੈ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੀ ਭਾਜਪਾ ਨੂੰ ਕਾਂਗਰਸ ਦੇ ਮੁਕਾਬਲੇ ਵਾਧੂ ਵੋਟ ਪ੍ਰਤੀਸ਼ਤ ਮਿਲਿਆ ਹੈ। ਇਸੇ ਦੇ ਸਹਾਰੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਭਾਜਪਾ ਤੀਜੀ ਵਾਰ ਸਰਕਾਰ ਬਣਾਵਾਂਗੇ। ਇਸ ਮੌਕੇ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਉਦਯੋਗ ਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਸਿਹਤ ਮੰਤਰੀ ਡਾ. ਕਮਲ ਗੁਪਤਾ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਬਿਸ਼ੰਭਰ ਸਿੰਘ, ਵਿਧਾਇਕ ਲੀਲਾ ਰਾਮ, ਮੋਹਨ ਲਾਲ ਬੜੌਲੀ, ਨਰਿੰਦਰ ਗੁਪਤਾ, ਸੱਤਪ੍ਰਕਾਸ਼ ਜਰਾਵਤਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜੂਦ ਰਹੇ।