ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਸਿਹਤ ਸਹੂਲਤਾਂ ਦੇ ਮੁੱਦੇ ’ਤੇ ਘੇਰਦਿਆਂ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਸੂਬਾ ਪੱਧਰੀ ਦਾਅਵੇ ਕਰਨ ਤੋਂ ਪਹਿਲਾਂ ਸਿਹਤ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਦੀਆਂ ਸਿਹਤ ਸੇਵਾਵਾਂ ਵੱਲ ਧਿਆਨ ਦੇਣ ਕਿਉਂਕਿ ਉਨ੍ਹਾਂ ਦੇ ਹਲਕੇ ’ਚ ਦਮ ਤੋੜਦੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਐੱਨ.ਕੇ. ਸ਼ਰਮਾ ਚੋਣ ਪ੍ਰਚਾਰ ਮੁਹਿੰਮ ਤਹਿਤ ਅੱਜ ਸਿਹਤ ਮੰਤਰੀ ਦੇ ਹਲਕੇ ਪਟਿਆਲਾ ਦਿਹਾਤੀ ਵਿਚਲੇ ਪਿੰਡਾਂ ’ਚ ਚੋਣ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਾਣ ’ਤੇ ਮੁਸ਼ਕਲਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਵਿੱਚ ਹੀ ਨਹੀਂ, ਸਗੋਂ ਪੂਰੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਅੱਜ ਸਿਹਤ ਸਹੂਲਤਾਂ ਦਾ ਜਨਾਜਾ ਨਿਕਲਿਆ ਹੋਇਆ ਹੈ। ਅਕਾਲੀ ਸਰਕਾਰ ਵੇਲੇ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਦੇ ਬੋਰਡ ਬਦਲ ਕੇ ਮੁਹੱਲਾ ਕਲੀਨਿਕਾਂ ਵਿੱਚ ਭਾਵੇਂ ਤਬਦੀਲ ਕਰ ਦਿੱਤੇ ਹਨ, ਪਰ ਇਨ੍ਹਾਂ ਵਿੱਚ ਸਹੂਲਤਾਂ ਦੇ ਨਾਮ ’ਤੇ ਕੁਝ ਨਹੀਂ ਹੈ। ਸ਼ਰਮਾ ਨੇ ਹੋਰ ਕਿਹਾ ਕਿ ਉਹ ਇੱਕ ਮਹੀਨੇ ਤੋਂ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਪਿੰਡਾਂ ਵਿੱਚ ਚੱਲ ਰਹੇ ਪੀਐਚਸੀ ਤੇ ਸੀਐਚਸੀ ਦਾ ਬੁਰਾ ਹਾਲ ਹੈ। ਉੱਥੇ ਨਾ ਤਾਂ ਸਹੀ ਢੰਗ ਨਾਲ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਨਾ ਹੀ ਦਵਾਈਆਂ ਅਤੇ ਟੀਕੇ ਦਿੱਤੇ ਗਏ ਹਨ। ਲੋਕ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਹਨ। ਕਿਸਾਨਾਂ ਦੇ ਮੁੱਦੇ ’ਤੇ ਸਿਹਤ ਮੰਤਰੀ ਨੂੰ ਘੇਰਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਉੱਤਰੀ ਬਾਈਪਾਸ ਦੀ ਉਸਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਉਹ ਕਿਉਂ ਭੱਜ ਰਹੇ ਹਨ। ਸ਼ਰਮਾ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਲਈ ਸਿੱਧੇ ਤੌਰ ’ਤੇ ਡਾ. ਬਲਬੀਰ ਸਿੰਘ ਅਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਜ਼ਿੰਮੇਵਾਰ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਿਸਾਨੀ ਉਨ੍ਹਾਂ ਦੇ ਖੂਨ ਵਿੱਚ ਹੈ। ਚੋਣਾਂ ਜਿੱਤਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰਵਾ ਕੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਨਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਟੌਹੜਾ, ਹਲਕਾ ਇੰਚਾਰਜ ਬਿੱਟੂ ਚੱਠਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਲੰਗ, ਬਲਜਿੰਦਰ ਸਰਪੰਚ ਮੰਡੋੜ, ਬੀਬੀ ਜਸਪਾਲ ਕੌਰ ਬਾਰਨ, ਗੁਰਤੇਜ ਕੌਲ ਤੇ ਕਈ ਹੋਰ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਸ਼ਰਮਾ ਨੇ ਅੱਜ ਚੋਣ ਪ੍ਰਚਾਰ ਮੁਹਿੰਮ ਦੌਰਾਨ ਪਿੰਡ ਟੌਹੜਾ ਸਮੇਤ ਕਈ ਹੋਰ ਪਿੰਡਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਰੱਖੜਾ, ਐਸਜੀਪੀਸੀ ਮੈਂਬਰ ਸਤਵਿੰਦਰ ਟੌਹੜਾ, ਸਾਧੂ ਸਿੰਘ ਖਲੌਰ, ਬਹਾਦਰ ਸਿੰਘ ਟੌਹੜਾ ਤੇ ਭੋਲਾ ਸਿੰਘ ਟੌਹੜਾ ਆਦਿ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.