

ਸਾਬਕਾ ਅਕਾਲੀ ਮੰਤਰੀ ਅਜੈਬ ਸਿੰਘ ਮੁਖਮੈਲਪੁਰ ਦਾ ਭਤੀਜਾ ਅਤੇ ਯੂਥ ਅਕਾਲੀ ਆਗੂ ਹੈਰੀ ਮੁਖਮੈਲਪੁਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪਣੇ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ ਹੋ ਗਿਆ। ਹਲਕਾ ਘਨੌਰ ਅਤੇ ਸਨੌਰ ਦੇ ਵਿਧਾਇਕਾਂ ਗੁਰਲਾਲ ਘਨੌਰ ਅਤੇ ਹਰਮੀਤ ਪਠਾਣਮਾਜਰਾ ਦੀ ਪ੍ਰੇਰਨਾ ਸਦਕਾ ‘ਆਪ’ ’ਚ ਸ਼ਾਮਲ ਹੋਏ ਹੈਰੀ ਮੁਖਮੈਲਪੁਰ ਤੇ ਸਾਥੀਆਂ ਨੇ ਇਹ ਐਲਾਨ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ। ਹੈਰੀ ਮੁਖਮੈਲਪੁਰਾ ਨੂੰ ਥਾਪੜਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਨੂੰ ਪਾਰਟੀ ’ਚ ਚੰਗਾ ਅਹੁਦਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਿਥੇ ਅਜੈਬ ਸਿੰਘ ਮੁਖਮੈਲਪੁਰ ਹਲਕਾ ਘਨੌਰ ਤੋਂ ਵਿਧਾਇਕ ਰਹੇ ਹਨ, ਉਥੇ ਹੀ ਉਨ੍ਹਾਂ ਦੀ ਪਤਨੀ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵੀ ਘਨੌਰ ਦੀ ਵਿਧਾਇਕਾ ਰਹਿ ਚੁੱਕੇ ਹਨ। ਇਸ ਦੌਰਾਨ ਪਰਿਵਾਰ ਦਾ ਮੈਂਬਰ ਹੋਣ ਨਾਤੇ ਮੁੱਖ ਤੌਰ ’ਤੇ ਹੈਰੀ ਮੁਖਮੈਲਪੁਰ ਹੀ ਉਨ੍ਹਾਂ ਦਾ ਵਧੇਰੇ ਕੰਮਕਾਜ ਵੇਖਦਾ ਰਿਹਾ ਹੈ। ਹੈਰੀ ਮੁਖਮੈਲਪੁਰ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਛੱਡ ਕੇ ਉਸ ਦੇ ਨਾਲ ‘ਆਪ’ ’ਚ ਸ਼ਾਮਲ ਹੋਣ ਵਾਲਿਆਂ ’ਚ ਕਰਨੈਲ ਸਿੰਘ ਮੁਖਮੈਲਪੁਰ, ਸਾਬਕਾ ਸਰਪੰਚ ਸਤਿਨਾਮ ਆਕੜ, ਅਮਰਿੰਦਰ ਸਿੰਘ ਸਾਬਕਾ ਬਲਾਕ ਸਮਿਤੀ ਮੈਂਬਰ, ਹਰਪ੍ਰੀਤ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ, ਪਰਮਜੀਤ ਸਿੰਘ ਸੌਂਟਾ, ਕੁਲਦੀਪ ਸਿੰਘ ਲਾਛੜੂਕਲਾਂ, ਹਰਦਿਆਲ ਸਿੰਘ ਝੂੰਗੀਆਂ, ਹਰਿੰਦਰ ਲੋਚਮਾ, ਜਗਸੀਰ ਜੱਗੀ, ਦਰਸ਼ਨ ਭੱਟਮਾਜਰਾ, ਜਸਪਾਲ ਖੇਡੀਗੰਡਿਆਂ, ਬਿੱਟੂ ਗੁੱਜਰ ਖੈਰਪੁਰ, ਪਰਮਜੀਤ ਮਰਦਾਂਪੁਰ ਯੂਥ ਪ੍ਰਧਾਨ, ਨਿਰਮਲ ਘਨੌਰ, ਸੁਖਵਿੰਦਰ ਮਗਰ ਸਾਬਕਾ ਸਰਪੰਚ, ਅਮਨੀਸ਼ ਸਰਪੰਚ ਨਰਾਇਣਗੜ੍ਹ, ਬਲਜਿੰਦਰ ਭੱਟਮਾਜਰਾ ਅਤੇ ਪਰਮਦਮਨ ਕਤਲਾਹਰ ਸਮੇਤ ਕਈ ਹੋਰ ਸ਼ਾਮਲ ਹਨ।