post

Jasbeer Singh

(Chief Editor)

Patiala News

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀਕਲਾ 'ਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ

post-img

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀਕਲਾ 'ਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ -ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀਕਲਾ ਦਾ ਮੰਚ ਪ੍ਰਦਾਨ ਕੀਤਾ : ਡਾ. ਬਲਬੀਰ ਸਿੰਘ -ਸਰਕਾਰ ਕੋਲ ਆਇਆ ਇੱਕ-ਇੱਕ ਪੈਸਾ ਸਵਾਇਆ ਕਰਕੇ ਲੋੜਵੰਦਾਂ ਤੱਕ ਪੁੱਜੇਗਾ : ਸਿਹਤ ਮੰਤਰੀ -ਕਿਹਾ, ਸਿਹਤ ਵਿਭਾਗ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਮੁਸਤੈਦ ਪਟਿਆਲਾ, 18 ਸਤੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਮੂਹ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀਕਲਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇਸ਼ ਜਾਂ ਵਿਦੇਸ਼ ਵਿੱਚ ਕਿਸੇ ਵੀ ਮੁਸੀਬਤ 'ਚ ਕਿਸੇ ਨੂੰ ਭੁੱਖਮਰੀ ਦਾ ਸ਼ਿਕਾਰ ਨਹੀਂ ਹੋਣ ਦਿੰਦੇ ਪਰੰਤੂ ਹੁਣ ਭਿਅੰਕਰ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਵੀ ਮਦਦ ਦੀ ਲੋੜ ਹੈ । ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ ਸੂਬੇ 'ਚ ਵੱਡਾ ਦੁਖਾਂਤ ਵਾਪਰਿਆ ਹੈ, ਜਿਸ ਤੋਂ ਉਭਰਨ ਲਈ ਪੰਜਾਬ ਸਰਕਾਰ ਆਪਣੀ ਹਰ ਕੋਸ਼ਿਸ਼ ਕਰ ਰਹੀ ਹੈ ਪਰੰਤੂ ਇਸ ਵੱਡੇ ਕਾਰਜ ਲਈ ਮਦਦ ਕਰਨ ਵਾਸਤੇ ਸਮੂਹ ਪੰਜਾਬੀਆਂ, ਵਪਾਰੀਆਂ ਸਮੇਤ ਹੋਰ ਵਰਗਾਂ ਦੇ ਲੋਕਾਂ, ਸਮਾਜ ਸੇਵੀ ਸੰਸਥਾਵਾਂ ਆਦਿ ਵੀ ਅੱਗੇ ਆ ਰਹੀਆਂ ਹਨ, ਜਿਸ ਲਈ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀਕਲਾ ਦਾ ਇੱਕ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਮਦਦ ਕਰਨ ਵਾਲਿਆਂ ਦਾ ਪੈਸਾ ਸਵਾਇਆ ਕਰਕੇ ਅੱਗੇ ਹੜ੍ਹ ਪ੍ਰਭਾਵਿਤ ਲੋੜਵੰਦਾਂ ਦੀ ਮਦਦ ਕਰਨ ਲਈ ਖ਼ਰਚਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਨੇ ਪਿਛਲੇ 40 ਸਾਲਾਂ ਦਾ ਸਭ ਤੋਂ ਵੱਧ ਨੁਕਸਾਨ ਇਸ ਵਾਰ ਝੱਲਿਆ ਹੈ ਤੇ ਇਸ ਭਿਅੰਕਰ ਹੜ੍ਹ ਨੇ 2303 ਪਿੰਡਾਂ 'ਚ ਘਰਾਂ, ਫ਼ਸਲਾਂ, ਸੜਕਾਂ, ਪੁਲਾਂ, ਜਮੀਨ, ਦੁਧਾਰੂ ਪਸ਼ੂਆਂ ਸਮੇਤ ਹਰ ਵਸਤੂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਜਿਸ ਲਈ ਸਮੂਹ ਪੰਜਾਬੀ, 'ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਤਹਿਤ ਮਦਦ ਲਈ ਦਿਲ ਖੋਲ੍ਹਕੇ ਅੱਗੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਉਨ੍ਹਾਂ ਨੇ ਆਪਣੀ ਸਵਾ ਲੱਖ ਰੁਪਏ ਤਨਖਾਹ ਪਹਿਲਾਂ ਮੁੱਖ ਮੰਤਰੀ ਹੜ੍ਹ ਰਾਹਤ ਕੋਸ਼ ਲਈ ਦਿੱਤੀ ਸੀ ਅਤੇ ਹੁਣ ਫਿਰ ਤਨਖਾਹ ਦੇ ਸਵਾ ਲੱਖ ਰੁਪਏ ਮਿਸ਼ਨ ਚੜ੍ਹਦੀਕਲਾ ਲਈ ਦਾਨ ਦੇ ਰਹੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਹੜ੍ਹਾਂ ਤੋਂ ਬਾਅਦ ਮਹਾਂਮਾਰੀ ਫੈਲਣ ਤੋਂ ਬਚਾਅ ਲਈ ਸਿਹਤ ਵਿਭਾਗ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਅਤੇ ਹੜ੍ਹਾਂ ਵਿੱਚ ਵੀ 848 ਟੀਮਾਂ ਬਣਾ ਕੇ 24 ਘੰਟੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਰਕੇ ਸਿਹਤ ਵਿਭਾਗ ਦਾ ਵੀ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰੰਤੂ ਸਿਹਤ ਵਿਭਾਗ ਨੇ ਵਿਸ਼ੇਸ਼ ਕੈਂਪ ਲਗਾਕੇ ਹੁਣ ਤੱਕ 1.42 ਲੱਖ ਲੋਕਾਂ ਦਾ ਚੈਕਅਪ ਕਰਕੇ 87 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਸਭ ਤੋਂ ਵੱਧ ਚਮੜੀ ਦੇ ਰੋਗ ਸਾਹਮਣੇ ਆਏ ਹਨ ਤੇ 22000 ਮਰੀਜਾਂ 'ਚ ਇਸ ਦੇ ਲੱਛਣ ਪਾਏ ਗਏ, 19 ਹਜ਼ਾਰ ਬੁਖਾਰ ਦੇ ਮਰੀਜ, 10 ਹਜ਼ਾਰ ਨੂੰ ਅੱਖਾਂ ਦੀ ਤਕਲੀਫ਼, 4500 ਕੇਸ ਡਾਇਰੀਆ ਦੇ ਅਤੇ ਸੱਪਾਂ ਦੇ ਡੰਗਣ ਕਰਕੇ 16 ਮੌਤਾਂ ਰਿਪੋਰਟ ਹੋਈਆਂ ਹਨ। ਹੁਣ ਵਿਭਾਗ ਨੇ ਡੇਂਗੂ, ਚਿਕਨਗੁਨੀਆ, ਡਾਇਰੀਆ, ਹੈਜਾ ਤੇ ਹੋਰ ਮਾਰੂ ਬਿਮਾਰੀਆਂ ਦੀ ਰੋਕਥਾਮ ਲਈ 92 ਲੱਖ ਘਰਾਂ ਤੱਕ ਪਹੁੰਚ ਬਣਾਈ ਹੈ ਜਦਕਿ ਆਸ਼ਾ ਵਰਕਰਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪ੍ਰਸ਼ੰਸਾ ਕੀਤੀ ਹੈ । ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਚੜ੍ਹਦੀ ਕਲਾ 'ਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਵੈਬਸਾਈਟ  www.rangla.punjab.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਉਹ ਆਪਣੇ ਡਾਕਟਰ ਭਾਈਚਾਰੇ ਨੂੰ ਵੀ ਵਿਸ਼ੇਸ਼ ਅਪੀਲ ਕਰਦੇ ਹਨ ਕਿ ਉਹ ਦਿਲ ਖੋਲ੍ਹ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਤਾਂ ਕਿ ਅਸੀਂ ਪ੍ਰਭਾਵਿਤ ਲੋਕਾਂ ਦੇ ਘਰ ਬਣਾ ਕੇ ਦੇ ਸਕੀਏ, ਉਨ੍ਹਾਂ ਦੀਆਂ ਜਮੀਨਾਂ ਤੇ ਕਾਰੋਬਾਰਾਂ ਨੂੰ ਠੀਕ ਕਰਕੇ ਪੈਰ੍ਹਾਂ ਸਿਰ ਕਰ ਸਕੀਏ ਤੇ ਉਨ੍ਹਾਂ ਦੇ ਮਵੇਸ਼ੀਆਂ ਲਈ ਦਾਣਾ ਤੇ ਚਾਰਾ ਪ੍ਰਦਾਨ ਕਰ ਸਕੀਏ ।

Related Post