
ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਸਮਝ ਸਕਣਗੇ ਅੰਗਰੇਜ਼ੀ ਖ਼ਬਰਾਂ
- by Aaksh News
- May 13, 2024

ਸੁਣਨ-ਬੋਲਣ ਤੋਂ ਅਸਮਰੱਥ ਵਿਅਕਤੀ ਜੇਕਰ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਖ਼ਬਰਾਂ ਨੂੰ ਸਮਝਣਾ ਚਾਹੁਣ, ਤਾਂ ਉਹ ਇੱਕ ਸਾਫ਼ਟਵੇਅਰ ਰਾਹੀਂ ਕਲਿੱਕ ਕਰਕੇ ਤੁਰੰਤ ਇਸ ਨੂੰ ਆਪਣੀ ਇਸ਼ਾਰਿਆਂ ਦੀ ਭਾਸ਼ਾ ’ਇੰਡੀਅਨ ਸਾਈਨ ਲੈਂਗੂਏਜ’ ਵਿੱਚ ਬਦਲ ਕੇ ਸਮਝ ਸਕਣਗੇ। ਇਸੇ ਤਰ੍ਹਾਂ ਇੱਕ ਹੋਰ ਵੱਖਰੇ ਸਾਫ਼ਟਵੇਅਰ ਰਾਹੀਂ ਜਨਤਕ ਥਾਵਾਂ ’ਤੇ ਹੁੰਦੀਆਂ ਘੋਸ਼ਣਾਵਾਂ ਨੂੰ ਵੀ ਤੁਰੰਤ ਅਜਿਹੀ ਵੀਡੀਓ ਵਿੱਚ ਬਦਲਿਆ ਜਾ ਸਕੇਗਾ, ਜਿਸ ਵੀਡੀਓ ਤੋਂ ਅਜਿਹੇ ਵਿਸ਼ੇਸ਼ ਲੋੜਾਂ ਵਾਲ਼ੇ ਵਿਦਿਆਰਥੀ/ਵਿਅਕਤੀ ਆਪਣੀ ਗੱਲ ਸਮਝ ਸਕਣ। ਇਹ ਦੋਵੇਂ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਵਿੱਚ ਦੋ ਵਿਦਿਆਰਥੀਆਂ ਵੱਲੋਂ ਆਪਣੇ ਪੀਐੱਚ. ਡੀ. ਖੋਜ ਕਾਰਜ ਦੌਰਾਨ ਬਣਾਏ ਗਏ ਹਨ। ਇਹ ਦੋਵਾਂ ਖੋਜਾਂ ਇਸ ਵਿਭਾਗ ਤੋਂ ਪ੍ਰੋ. ਵਿਸ਼ਾਲ ਗੋਇਲ ( ਕੰਟਰੋਲਰ ਪ੍ਰੀਖਿਆਵਾਂ) ਦੀ ਅਗਵਾਈ ਹੇਠ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਸਮਾਜ ਦੀ ਭਲਾਈ ਲਈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਨਾਲ ਜਿਉਂ ਰਹੇ ਵਿਸ਼ੇਸ਼ ਜੀਆਂ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ। ਇਹ ਖੋਜਾਂ ਸੰਸਾਰ ਵਿੱਚ ਆਪਣੀ ਕਿਸਮ ਦੀਆਂ ਪਹਿਲੀਆਂ ਖੋਜਾਂ ਹਨ। ਖੋਜਾਰਥੀ ਅਨੂ ਬਾਲਾ ਨੇ ਦੱਸਿਆ ਕਿ ਇਹ ਸਾਫਟਵੇਅਰ ਇੱਕ ਕਲਿੱਕ ਨਾਲ਼ ਅੰਗਰੇਜ਼ੀ ਖ਼ਬਰਾਂ ਨੂੰ ਭਾਰਤੀ ਸੰਕੇਤਕ ਭਾਸ਼ਾ ਵਿੱਚ ਬਦਲਣ ਦੇ ਸਮਰੱਥ ਹੈ। ਅਜਿਹਾ ਹੋਣ ਨਾਲ਼ ਹੁਣ ਉਹ ਵਿਅਕਤੀ ਨਿੱਤ-ਦਿਨ ਦੀਆਂ ਖ਼ਬਰਾਂ ਆਪਣੀ ਭਾਸ਼ਾ ਵਿੱਚ ਬਦਲ ਕੇ ਇਸ ਸਮਾਜ ਦੀ ਸਿੱਧੀ ਸਮਝ ਰੱਖ ਸਕਦੇ ਹਨ। ਖੋਜਾਰਥੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਤਿਆਰ ਸਾਫਟਵੇਅਰ ਪ੍ਰੋਗਰਾਮ ਨਾਲ ਰੇਲਵੇ ਸਟੇਸ਼ਨ, ਬੱਸ ਅੱਡਾ ਤੇ ਹਵਾਈ ਅੱਡਾ ਆਦਿ ’ਤੇ ਹੋਣ ਵਾਲੀਆਂ ਜ਼ਰੂਰੀ ਘੋਸ਼ਣਾਵਾਂ ਨੂੰ ਤੁਰੰਤ ਭਾਰਤੀ ਸੰਕੇਤਕ ਭਾਸ਼ਾ ਨਾਲ ਸਬੰਧਤ ਵੀਡੀਓ ਵਿੱਚ ਬਦਲਿਆ ਜਾ ਸਕਦਾ ਹੈ। ਵਾਈਸ ਚਾਂਸਲਰ ਪ੍ਰੋ ਕੇ. ਕੇ. ਯਾਦਵ ਨੇ ਕਿਹਾ ਕਿ ਸਮਾਜ ਲਈ ਸਿੱਧੇ ਤੌਰ ’ਤੇ ਲਾਭਦਾਇਕ ਹੋਣ ਵਾਲੀਆਂ ਅਜਿਹੀਆਂ ਖੋਜਾਂ ਨੂੰ ਹੋਰ ਵਧੇਰੇ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ।