post

Jasbeer Singh

(Chief Editor)

Patiala News

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਭਰਵੀਂ ਆਮਦ, 1,63,193 ਮੀਟਰਿਕ ਟਨ ਮੰਡੀਆਂ 'ਚ ਪੁੱਜੀ ਕਣਕ

post-img

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਭਰਵੀਂ ਆਮਦ, 1,63,193 ਮੀਟਰਿਕ ਟਨ ਮੰਡੀਆਂ 'ਚ ਪੁੱਜੀ ਕਣਕ -ਡੀ. ਸੀ. ਵੱਲੋਂ ਕਣਕ ਦੀ ਸੁਚਾਰੂ ਖ਼ਰੀਦ ਲਈ ਪ੍ਰਬੰਧਾਂ ਦਾ ਜਾਇਜ਼ਾ -ਖ਼ਰੀਦੀ ਜਿਣਸ ਦੀ ਨਾਲੋਂ-ਨਾਲ ਅਦਾਇਗੀ ਯਕੀਨੀ ਬਣਾਈ ਜਾਵੇ : ਡਾ. ਪ੍ਰੀਤੀ ਯਾਦਵ -ਕਿਹਾ, ਕਿਸਾਨ ਮੰਡੀਆਂ 'ਚ ਸੁੱਕੀ ਕਣਕ ਲਿਆਉਣ ਪਟਿਆਲਾ, 16 ਅਪ੍ਰੈਲ : ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ 'ਚ ਵੇਚਣ ਲਈ ਲਿਆਂਦੀ ਜਾ ਰਹੀ ਆਪਣੀ ਫ਼ਸਲ ਦੀ ਸੁਚੱਜੀ, ਸੁਚਾਰੂ ਤੇ ਨਿਰਵਿਘਨ ਖ਼ਰੀਦ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹਦਾਇਤ ਕੀਤੀ ਕਿ ਖਰੀਦੀ ਜਿਣਸ ਦੀ ਕਿਸਾਨਾਂ ਨੂੰ ਅਦਾਇਗੀ ਨਾਲੋਂ-ਨਾਲ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਮੰਡੀ ਅਫ਼ਸਰ ਸਮੇਤ ਸਾਰੀਆਂ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਮੀਟਿੰਗ 'ਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹੁਣ ਤੱਕ ਹੋਈ ਖ਼ਰੀਦ, ਅਦਾਇਗੀ ਸਮੇਤ ਲਿਫ਼ਟਿੰਗ ਦਾ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਕਣਕ ਦੀ ਭਰਵੀਂ ਆਮਦ ਸ਼ੁਰੂ ਹੋ ਗਈ ਹੈ, ਇਸ ਲਈ ਸਬੰਧਤ ਖ਼ਰੀਦ ਏਜੰਸੀਆਂ ਆਪਣੀ ਪੂਰੀ ਸਮਰਥਾ ਨਾਲ ਕੰਮ ਕਰਨ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਐਸ. ਡੀ. ਐਮਜ਼. ਵੀ ਮੰਡੀਆਂ ਦੀ ਨਿਗਰਾਨੀ ਕਰ ਰਹੇ ਹਨ ਉਥੇ ਹੀ ਉਹ ਖ਼ੁਦ ਰੋਜ਼ਾਨਾ ਰਿਪੋਰਟ ਲੈ ਕੇ ਸੁਚਾਰੂ ਖ਼ਰੀਦ ਯਕੀਨੀ ਬਣਾ ਰਹੇ ਹਨ । ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿੱਚ ਬਾਰਦਾਨਾ, ਮਜ਼ਦੂਰਾਂ ਤੇ ਲਿਫ਼ਟਿੰਗ ਲਈ ਸਾਧਨਾਂ ਦੀ ਉਪਲਬਧਤਾ ਬਾਰੇ ਵੀ ਸਮੀਖਿਆ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੁੱਚੇ ਸੀਜ਼ਨ ਦੌਰਾਨ ਖ਼ਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸੁਖਾਵਾਂ ਬਣਾਉਣ ਲਈ ਵਚਨਬੱਧ ਹੈ ਅਤੇ ਸਮੂਹ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਮੰਡੀਆਂ ਵਿੱਚ ਕਿਸੇ ਵੀ ਕਿਸਾਨ, ਆੜ੍ਹਤੀਆਂ, ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਡੀ. ਸੀ. ਨੇ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ ਦੀ ਅਪੀਲ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨ ਤੱਕ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ 1 ਲੱਖ 63 ਹਜ਼ਾਰ 193 ਮੀਟਰਿਕ ਟਨ ਕਣਕ ਪੁੱਜੀ ਹੈ ਤੇ ਇਸ ਵਿਚੋਂ 1 ਲੱਖ 40 ਹਜ਼ਾਰ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਬੀਤੇ ਇਕ ਦਿਨ 'ਚ 62237 ਮੀਟਰਿਕ ਟਨ ਕਣਕ ਮੰਡੀਆਂ 'ਚ ਪੁੱਜੀ ਸੀ ਅਤੇ ਕਿਸਾਨਾਂ ਨੂੰ ਹੁਣ ਤੱਕ 132 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਖ਼ਰੀਦੀ ਗਈ ਕਣਕ ਵਿਚੋਂ ਪਨਗਰੇਨ ਵੱਲੋਂ 45772 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 33616 ਮੀਟ੍ਰਿਕ ਟਨ, ਪਨਸਪ ਵੱਲੋਂ 20365 ਮੀਟ੍ਰਿਕ ਟਨ ਅਤੇ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 21427 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਜਦਕਿ ਵਾਪਰੀਆਂ ਵੱਲੋਂ 19795 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਮੌਜੂਦਾ ਹਾੜੀ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ 9 ਲੱਖ 17 ਹਜ਼ਾਰ 230 ਮੀਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ।

Related Post