post

Jasbeer Singh

(Chief Editor)

Patiala News

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਉੱਚ ਪੱਧਰੀ ਟੀਮ ਵੱਲੋਂ ਠੋਸ ਰਹਿੰਦ-ਖੂੰਹਦ ਡੰਪ ਸਾਈਟ ਦਾ ਜਾਇਜ਼ਾ

post-img

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਉੱਚ ਪੱਧਰੀ ਟੀਮ ਵੱਲੋਂ ਠੋਸ ਰਹਿੰਦ-ਖੂੰਹਦ ਡੰਪ ਸਾਈਟ ਦਾ ਜਾਇਜ਼ਾ -ਡੰਪ ਨੂੰ ਅੱਗ ਲੱਗਣ ਦੀ ਕੌਮੀ ਗਰੀਨ ਟ੍ਰਿਬਿਊਨਲ ਕੋਲ ਸ਼ਿਕਾਇਤ ਕਰਨ ਵਾਲੇ ਨੇ ਵੀ ਡੰਪ 'ਤੇ ਚੱਲਦੇ ਕੰਮ 'ਤੇ ਸੰਤੁਸ਼ਟੀ ਪ੍ਰਗਟਾਈ -ਡਿਪਟੀ ਕਮਿਸ਼ਨਰ ਵੱਲੋਂ ਕੂੜੇ ਦੇ ਵਾਤਾਵਰਣ ਪੱਖੀ ਨਿਪਟਾਰੇ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ -ਕਿਹਾ, ਘਰਾਂ ਤੋਂ ਹੀ ਵੱਖ-ਵੱਖ ਕੀਤਾ ਜਾਵੇ ਗਿੱਲਾ ਤੇ ਸੁੱਕਾ ਕੂੜਾ ਤੇ ਸ਼ਹਿਰ ਨੂੰ ਸਾਫ਼-ਸੁੱਥਰਾ ਤੇ ਹਰਿਆ-ਭਰਿਆ ਬਣਾਉਣ ਲਈ ਆਪਣੀ ਜਿੰਮੇਵਾਰੀ ਨਿਭਾਵੇ ਹਰ ਨਾਗਰਿਕ ਪਟਿਆਲਾ, 8 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਸੰਯੁਕਤ ਟੀਮ ਨੇ ਅੱਜ ਸਵੇਰੇ ਇੱਥੇ ਸਨੌਰੀ ਅੱਡੇ ਨੇੜੇ ਮਿਉਂਸਪਲ ਠੋਸ ਰਹਿੰਦ-ਖੂੰਹਦ ਡੰਪ ਸਾਈਟ ਦਾ ਦੌਰਾ ਕਰਕੇ ਜਾਇਜ਼ਾ ਲਿਆ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਗਰ ਨਿਗਮ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਇਸ ਠੋਸ ਕੂੜੇ ਦਾ ਨਿਪਟਾਰਾ ਕਰ ਰਹੀ ਏਜੰਸੀ ਨੂੰ ਹਦਾਇਤ ਕੀਤੀ ਕਿ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ, 2016 ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ । ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕੌਮੀ ਗਰੀਨ ਟ੍ਰਿਬਿਊਨਲ ਕੋਲ ਡੰਪ ਸਾਈਟ 'ਤੇ ਅੱਗ ਲੱਗਣ ਬਾਬਤ ਸੰਜੀਵ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਬਾਬਤ ਸ਼ਿਕਾਇਤ ਕਰਤਾ ਨੂੰ ਵੀ ਨਾਲ ਲੈਕੇ ਮੌਕੇ ਦਾ ਜਾਇਜ਼ਾ ਲਿਆ, ਜਿਸ 'ਤੇ ਸ਼ਿਕਾਇਤ ਕਰਤਾ ਨੇ ਸੰਤੁਸ਼ਟੀ ਪ੍ਰਗਟਾਉਂਦਿਆਂ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ ਤੋਂ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਇੱਥੇ ਬਦਬੂ ਵੀ ਲਗਪਗ ਖਤਮ ਹੋ ਗਈ ਹੈ ਅਤੇ ਹੁਣ ਕੋਈ ਅੱਗ ਵੀ ਨਹੀਂ ਲੱਗੀ । ਡਿਪਟੀ ਕਮਿਸ਼ਨਰ ਨੇ ਇਸ ਦੌਰੇ ਦੌਰਾਨ ਡੰਪ ਸਾਈਟ 'ਤੇ ਮੈਸਰਜ਼ ਸਾਗਰ ਮੋਟਰਜ਼, ਲਾਤੂਰ, ਮਹਾਰਾਸ਼ਟਰ ਦੁਆਰਾ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਇਸ 'ਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਸੰਯੁਕਤ ਕਮੇਟੀ ਨੇ ਪਾਇਆ ਕਿ ਇੱਥੇ ਹੁਣ ਕੂੜੇ ਨੂੰ ਅੱਗ ਲੱਗਣ ਦਾ ਕੋਈ ਮਾਮਲਾ ਨਹੀਂ ਹੈ ਅਤੇ ਸਾਈਟ 'ਤੇ ਫਾਇਰ ਅਲਾਰਮ ਸਿਸਟਮ ਵਾਲੇ ਮੀਥੇਨ ਮੀਟਰ ਲਗਾਏ ਗਏ ਹਨ ਅਤੇ ਇੱਕ ਫਾਇਰ ਬ੍ਰਿਗੇਡ ਗੱਡੀ ਵੀ ਇੱਥੇ ਤਾਇਨਾਤ ਕੀਤੀ ਗਈ ਹੈ। ਕੰਪਨੀ ਦੇ ਪ੍ਰਤੀਨਿਧੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਠੋਸ ਰਹਿੰਦ-ਖੂੰਹਦ ਦਾ ਅਗਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਸ਼ਹਿਰ ਨੂੰ ਸੜਕਾਂ ਦੇ ਕਿਨਾਰੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਅਤੇ ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਮੁਕਤ ਕੀਤਾ ਜਾਵੇ, ਤਾਂ ਜੋ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਦੀ ਸੰਯੁਕਤ ਕਮੇਟੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਰਿਪੋਰਟ ਸੌਂਪੇਗੀ, ਜੋ ਅੱਗੇ ਐਨਜੀਟੀ ਵਿੱਚ ਦਾਇਰ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਰਾਜੇਸ਼ ਚੋਪੜਾ, ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ ਤੇ ਮੋਹਿਤ ਸਿੰਗਲਾ ਸਮੇਤ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਰਾਜਿੰਦਰ ਚੋਪੜਾ, ਕਾਰਜਕਾਰੀ ਇੰਜੀਨੀਅਰ ਜੇ.ਪੀ. ਸਿੰਘ ਤੇ ਮੈਡੀਕਲ ਅਫ਼ਸਰ ਡਾ. ਨਵਿੰਦਰ ਸਿੰਘ, ਐਸ. ਡੀ. ਓ. ਹਰਦੀਪ ਸਿੰਘ ਤੇ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਅਤੇ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜਾ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਇਸ ਲਈ ਕੇਵਲ ਕੁਝ ਕੁ ਗੱਲਾਂ ਦਾ ਧਿਆਨ ਰੱਖਣ, ਜਿਸ ਨਾਲ ਕੂੜੇ ਦਾ ਨਿਪਟਾਰਾ ਸੁਚੱਜੇ ਤੇ ਵਾਤਾਵਰਣ ਪੱਖੀ ਢੰਗ ਨਾਲ ਸਹਿਜੇ ਹੀ ਕੀਤਾ ਜਾ ਸਕੇਗਾ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਹਰ ਨਾਗਰਿਕ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਘਰਾਂ ਵਿੱਚ ਪੈਦਾ ਹੁੰਦੇ ਕੂੜੇ ਨੂੰ ਪਹਿਲਾਂ ਤਾਂ ਘਟਾਵੇ ਅਤੇ ਦੂਜਾ ਇਸ ਨੂੰ 100 ਫੀਸਦੀ ਗਿੱਲਾ ਤੇ ਸੁੱਕਾ ਵੱਖ-ਵੱਖ ਕਰਨਾ ਯਕੀਨੀ ਬਣਾਏ ਅਤੇ ਤੀਸਰੀ ਮਹੱਤਵਪੂਰਨ ਗੱਲ, ਦੁਬਾਰਾ ਵਰਤੀ ਜਾਣ ਵਾਲੀਆਂ ਵਸਤਾਂ ਨੂੰ ਰੀਸਾਇਕਲ ਕਰਨ ਲਈ ਭੇਜੇ ਤਾਂ ਅਸੀਂ ਪਟਿਆਲਾ ਨੂੰ ਕੂੜਾ ਮੁਕਤ ਕਰਕੇ ਹਰਿਆ-ਭਰਿਆ ਤੇ ਸਾਫ਼-ਸੁੱਥਰਾ ਬਣਾ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਬੂਟੇ ਲਾਉਣ ਲਈ ਵੀ ਪ੍ਰੇਰਿਤ ਕੀਤਾ ਤਾਂ ਕਿ ਸ਼ਹਿਰ ਦਾ ਸਾਰਾ ਕੂੜਾ ਹੀ ਇੱਥੇ ਆਵੇ ਤੇ ਕੂੜੇ ਦਾ ਵਾਤਾਵਰਣ ਪੱਖੀ ਢੰਗ ਨਾਲ ਸਹੀ ਨਿਪਟਾਰਾ ਕੀਤਾ ਜਾ ਸਕੇ ।

Related Post